ਫਰੀਦਕੋਟ, 7 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਵਿਨੀਤ ਕੁਮਾਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲਾ ਫਰੀਦਕੋਟ ਵਿੱਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਜ਼ਿਲ੍ਹੇ ਦੀਆਂ ਸੀਮਾਵਾਂ ਅੰਦਰ ਲਾਊਡ ਸਪੀਕਰ ਲਾਉਣ ’ਤੇ ਪਾਬੰਦੀ ਲਾਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ ਨੋਆਇਜਜ) ਐਕਟ 1956 ਤਹਿਤ ਕੋਈ ਵੀ ਵਿਅਕਤੀ ਬਿਨਾ ਪ੍ਰਵਾਨਗੀ ਦੇ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬਿਨਾ ਪ੍ਰਵਾਨਗੀ ਦੇ ਲਾਊਡ ਸਪੀਕਰ ਨਹੀਂ ਚਲਾ ਸਕਦਾ। ਜਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵਲੋਂ ਸਰਕਾਰੀ ਰਸਤੇ/ਸੜਕਾਂ ਦੀ ਜ਼ਮੀਨ ’ਤੇ ਨਜਾਇਜ਼ ਕਬਜਾ ਕਰਨ ’ਤੇ ਵੀ ਪਾਬੰਦੀ, ਵਿਦਿਅਕ ਸੰਸਥਾਵਾਂ ਦੇ ਦੁਆਲੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਰੱਖਣ ਅਤੇ 18 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀ ਨੂੰ ਵੇਚਣ ਅਤੇ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ। ਇਸੇ ਤਰ੍ਹਾਂ ਸਾਈਕਲ, ਰਿਕਸ਼ਾ, ਟ੍ਰੈਕਟਰ-ਟਰਾਲੀ, ਰੇਹੜੀ ਅਤੇ ਅਜਿਹੀਆਂ ਹੀ ਹੋਰ ਗੱਡੀਆਂ, ਜਿਨ੍ਹਾਂ ਦੇ ਅੱਗੇ-ਪਿੱਛੇ ਲਾਲ ਰੰਗ ਦੇ ਰਿਫਲੈਕਟਰ ਜਾਂ ਚਮਕਦਾਰ ਟੇਪ ਤੋਂ ਬਿਨਾਂ ਚੱਲਣ ’ਤੇ ਰੋਕ ਲਾਈ ਗਈ ਹੈ। ਪੇਂਡੂ ਖੇਤਰਾਂ ਵਿੱਚ ਜਨਤਕ ਛੱਪੜ ਪੂਰਨ ’ਤੇ ਪਾਬੰਦੀ ਲਾਈ ਹੈ। ਉਹਨਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਆਮ ਲੋਕਾਂ/ਪੰਚਾਇਤਾਂ ਵਲੋਂ ਜਨਤਕ ਛੱਪੜ ਪੂਰਨ ਦਾ ਕੰਮ ਕੀਤਾ ਜਾਂਦਾ ਹੈ, ਜਿਸ ਕਰਕੇ ਪਿੰਡਾਂ ਦੇ ਪਾਣੀ ਦਾ ਵਹਾਓ ਰੁਕ ਜਾਂਦਾ ਹੈ, ਜਿਸ ਕਾਰਨ ਝਗੜਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ਕਰਕੇ ਇਹ ਪਾਬੰਦੀ ਲਾਈ ਗਈ ਹੈ। ਇਹ ਪਾਬੰਦੀ 26 ਦਸੰਬਰ ਤੱਕ ਲਾਗੂ ਰਹੇਗੀ।
