ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਸਥਿੱਤ ਚਲਾਏ ਜਾ ਰਹੇ ਭਾਈ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਦੇ ਡਾਇਰੈਕਟਰ ਮੋਹਨ ਲਾਲ ਗੁਲਾਟੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹਨਾਂ ਨੂੰ ਦਿਲ ਵਿੱਚ ਦਰਦ ਮਹਿਸੂਸ ਹੋਇਆ ਤਾਂ ਜਲਦ ਹੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮਿ੍ਰਤਕ ਕਰਾਰ ਦੇ ਦਿੱਤਾ। ਜਿਕਰਯੋਗ ਹੈ ਕਿ ਮੋਹਨ ਲਾਲ ਗੁਲਾਟੀ ਪਿਛਲੇ ਕਾਫੀ ਸਾਲਾਂ ਤੋਂ ਕੰਨਿਆ ਕੰਪਿਊਟਰ ਸੈਂਟਰ ਵਿਖੇ ਡਾਇਰੈਕਟਰ ਵਜੋਂ ਨਿਸ਼ਕਾਮ ਸੇਵਾਵਾਂ ਨਿਭਾਅ ਰਹੇ ਸਨ। ਅਚਾਨਕ ਉਹਨਾਂ ਦੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਦੋ ਵਿਆਹੁਤਾ ਬੇਟੀਆਂ ਅਤੇ ਪਤਨੀ ਨੂੰ ਰੌਂਦਿਆਂ ਵਿਲਕਦਿਆਂ ਛੱਡ ਗਏ। ਇਸ ਮੌਕੇ ਸਥਾਨਕ ਹਰੀਨੌ ਰੋਡ ’ਤੇ ਸਥਿੱਤ ਰਾਮਬਾਗ ਦੇ ਸ਼ਮਸ਼ਾਨਘਾਟ ਵਿਖੇ ਗਮਗੀਨ ਮਾਹੌਲ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹਨਾਂ ਦੇ ਅੰਤਿਮ ਸਸਕਾਰ ਮੌਕੇ ਉਪਰੋਕਤ ਤੋਂ ਇਲਾਵਾ ਅਰੋੜਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਕਿਸ਼ਨ ਲਾਲ ਬਿੱਲਾ, ਰਮੇਸ਼ ਸਿੰਘ ਗੁਲਾਟੀ, ਜਗਦੀਸ਼ ਛਾਬੜਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਰਮਨ ਮਨਚੰਦਾ, ਕੁਲਬੀਰ ਸਿੰਘ ਮੱਕੜ, ਵਿਜੈ ਕੁਮਾਰ ਟੀਟੂ ਛਾਬੜਾ, ਗੁਰਮੀਤ ਸਿੰਘ, ਜੋਗਿੰਦਰ ਸਿੰਘ ਜੋਗਾ, ਅਮਰ ਸਿੰਘ ਆਦਿ ਵੀ ਹਾਜਰ ਸਨ। ਉਹਨਾਂ ਦੇ ਅਚਾਨਕ ਵਿਛੋੜੇ ’ਤੇ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਊਧਮ ਸਿੰਘ ਐਮ.ਸੀ., ਹਰਿੰਦਰ ਸਿੰਘ ਮੱਕੜ ਆਦਿ ਵੀ ਸ਼ਾਮਲ ਹਨ।
