ਖੇਤੀਬਾੜੀ ਵਿਭਾਗ ਤੋਂ ਸਬਸਿਡੀ ਤੇ ਲਏ ਸੁਪਰ ਸੀਡਰ ਨਾਲ ਛੋਟੇ ਕਿਸਾਨਾਂ ਦੀ ਵੀ ਕਣਕ ਦੀ ਬਿਜਾਈ ਘੱਟ ਖਰਚੇ ਤੇ ਕਰ ਰਿਹਾ
ਫਰੀਦਕੋਟ 14 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਇਸ ਵੇਲੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਅਤੇ ਹੋਰ ਕਾਰਨਾਂ ਕਰਕੇ ਵਾਤਾਵਰਨ ਅਤੇ ਹਵਾ ਏਨਾ ਪ੍ਰਦੂਸਤਿ ਹੋ ਚੁੱਕਿਆ ਕਿ ਹਰੇਕ ਜੀਵ ਚਾਹੇ ਮਨੁੱਖ, ਪਸ਼ੂ ਜਾਂ ਬਨਸਪਤੀ ਹੋਵੇ , ਨੂੰ ਸਾਹ ਲੈਣਾ ਔਖਾ ਹੋਇਆ ਪਿਆ ।ਵਾਤਾਵਰਨ ਨੂੰ ਪ੍ਰਦੂਸਤ ਹੋਣ ਤੋਂ ਬਚਾਉਣ ਲਈ ਕੁਝ ਅਜਿਹੇ ਵੀ ਨੌਜਵਾਨ ਕਿਸਾਨ ਅਗਾਂਹ ਵਧੂ ਸੋਚ ਦੇ ਧਾਰਨੀ ਹਨ ਜੋ ਝੋਨੇ ਖਾਸ ਕਰਕੇ ਬਾਸਮਤੀ ਦੀ ਪਰਾਲੀ ਨੂੰ ਖੇਤ ਵਿਚ ਸੰਭਾਲ ਰਹੇ ਹਨ। ਅਜਿਹੇ ਹੀ ਕਿਸਾਨਾਂ ’ਚੋਂ ਕੋਟਕਪੂਰਾ ਦਿਹਾਤੀ ਦੇ ਵਸਨੀਕ ਨੌਜਵਾਨ ਕਿਸਾਨ ਲਖਵੀਰ ਸਿੰਘ ਹਨ ਜੋ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਜਾਂ ਖੇਤ ’ਚੋਂ ਹਟਾਏ ਬਗੈਰ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰ ਰਹੇ ਹਨ ਅਤੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਵਜੋਂ ਨਾਮਣਾ ਖੱਟ ਰਹੇ ਹਨ। ਖੇਤਾਂ ਵਿਚ ਕਣਕ ਦੀ ਬਿਜਾਈ ਕਰਨ ਸਮੇਂ ਲਖਵੀਰ ਸਿੰਘ ਦੀ ਹੌਂਸਲਾ ਅਫਜਾਈ ਕਰਨ ਲਈ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਉਸ ਦੇ ਖੇਤਾਂ ਦਾ ਦੌਰਾ ਕੀਤਾ। ਇਸ ਮੌਕੇ ਨੌਜਵਾਨ ਕਿਸਾਨ ਜਗਸੀਰ ਸਿੰਘ ਵੀ ਹਾਜਰ ਸਨ। ਗੱਲਬਾਤ ਕਰਦਿਆਂ ਨੌਜਵਾਨ ਕਿਸਾਨ ਲਖਵੀਰ ਸਿੰਘ ਨੇ ਦਸਿਆ ਕਿ ਪਿਛਲੇ ਸਮੇਂ ਦੌਰਾਨ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵੱਖ ਵੱਖ ਤਰੀਕੇ ਅਪਣਾਏ ਜਾਂਦੇ ਰਹੇ ਹਨ ਅਤੇ ਅੱਗ ਵੀ ਲਗਾ ਦਿੱਤੀ ਜਾਂਦੀ ਸੀ ਪਰ ਦੋ ਸਾਲ ਪਹਿਲਾਂ ਖੇਤਾਂ ਵਿਚ ਅੱਗ ਲਗਾਉਂਦਿਆਂ ਇਕ ਹਾਦਸਾ ਵਾਪਰਨ ਕਾਰਣ ਪ੍ਰਣ ਕਰ ਲਿਆ ਕਿ ਭਵਿੱਖ ਵਿਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਵਾਂਗਾ । ਪਿਛਲੇ ਸਾਲ ਸੁਪਰ ਸੀਡਰ ਕਿਰਾਏ ਤੇ ਲੈ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕੀਤੀ ਅਤੇ ਡੇਢ ਕੁਇੰਟਲ ਪ੍ਰਤੀ ਏਕੜ ਝਾੜ ਵੱਧ ਲਿਆ ਜਿਸ ਤੋਂ ਉਤਸਾਹਿਤ ਹੋ ਕੇ ਇਸ ਵਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸਬਸਿਡੀ ਤੇ ਸੁਪਰ ਸੀਡਰ ਲੈ ਕੇ ਆਪਣੇ ਖੇਤਾਂ ਵਿਚ ਕਣਕ ਦੀ ਬਿਜਾਈ ਕਰਨ ਤੋਂ ਇਲਾਵਾ 35 ਏਕੜ ਹੋਰਨਾਂ ਕਿਸਾਨਾਂ ਦੀ ਕਣਕ ਦੀ ਬਿਜਾਈ ਕੀਤੀ । ਉਨਾਂ ਦੱਸਿਆ ਕਿ ਜਿਸ ਵੀ ਕਿਸਾਨ ਨੇ ਕਣਕ ਦੀ ਬਿਜਾਈ ਕਰਵਾਉਣੀ ਹੋਵੇ ਉਸ ਨੂੰ ਪਹਿਲਾਂ ਕਹਿ ਦਿੱਤਾ ਜਾਂਦਾ ਹੈ ਕਿ ਪਰਾਲੀ ਨੂੰ ਅੱਗ ਨਹੀਂ ਲੱਗੀ ਹੋਣੀ ਚਾਹੀਦੀ।ਜੇਕਰ ਅੱਗ ਲਗਾਈ ਗਈ ਹੈ ਤਾਂ ਮੈਂ ਬਿਜਾਈ ਨਹੀਂ ਕਰਨੀ। ਲਖਵੀਰ ਸਿੰਘ ਨੇ ਸੁਪਰ ਸੀਡਰ ਨਾਲ ਬਿਜਾਈ ਕਰਨ ਨਾਲ ਗੁਲਾਬੀ ਸੁੰਡੀ ਦੇ ਹਮਲੇ ਬਾਬੇ ਦੱਸਿਆ ਕਿ ਖੇਤੀ ਅਫਸਰਾਂ ਦੀ ਸਲਾਹ ਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ ਉਲੀਨਾਸਕ ਨਾਲ ਸੋਧ ਲਿਆ ਜਾਂਦਾ ਹੈ ਅਤੇ ਪਹਿਲੇ ਪਾਣੀ ਤੋਂ ਪਹਿਲਾਂ ਸਤ ਕਿਲੋ ਦਾਣੇਦਾਰ ਕੀਟਨਾਸਕ ਫੀਪਰੋਨਿਲ ਨੂੰ ਸਿੱਲੀ ਮਿੱਟੀ ਚ ਰਲਾ ਕੇ ਛਟਾ ਦੇ ਕੇ ਪਾਣੀ ਲਗਾ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲਣ ਨਾਲ ਖੇਤਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਉਨਾਂ ਦੱਸਿਆ ਕਿ ਇਹ ਠੀਕ ਹੈ ਪਰਾਲੀ ਨੁੰ ਖੇਤ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕਰਨ ਤੇ ਕੁਝ ਖਰਚਾ ਵੱਧ ਆਉਂਦਾ ਹੈ ਪ੍ਰੰਤੂ ਇਸ ਦੇ ਬਦਲੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਅਤੇ ਪੈਦਾਵਾਰ ਵੱਧ ਮਿਲਣ ਕਾਰਨ ਇਹ ਵਾਧੂ ਖਰਚਾ ਮਹਿਸੂਸ ਨਹੀਂ ਹੁੰਦਾ। ਇਸ ਮੌਕੇ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਇਕ ਏਕੜ ਦੀ ਪਰਾਲੀ ਨੁੰ ਖੇਤ ਵਿਚ ਰੱਖ ਕੇ ਕਣਕ ਦੀ ਬਿਜਾਈ ਕਰਨ ਨਾਲ ਮਿੱਟੀ ਨੂੰ 10 ਕੁਇੰਟਲ ਜੈਵਿਕ ਮਾਦਾ, 14 ਕਿਲੋ ਨਾਈਟ੍ਰੋਜਨ, 63 ਕਿਲੋ ਪੋਟਾਸ, 7 ਕਿਲੋ ਫਾਸਫੋਰਸ ਅਤੇ 3 ਕਿਲੋ ਸਲਫਰ ਮਿਲਦੀ ਹੈ, ਜਿਸ ਦੀ ਕੀਮਤ ਲਗਭਗ 6000/- ਰੁਪਏ ਬਣਦੀ ਹੈ। ਜੇਕਰ ਕੋਈ ਕਿਸਾਨ ਵਲੋਂ ਪ੍ਰਤੀ ਏਕੜ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਿਰਾਏ ਤੇ ਕਰਾਉਣ ਨਾਲ ਲਗਭਗ 2000/- ਤੋਂ 2500/- ਰੁਪਏ ਖਰਚ ਕਰਦੇ ਹਨ, ਇਸ ਤਰਾਂ 3500/-ਤੋਂ 4000/-ਪ੍ਰਤੀ ਏਕੜ ਮੁੱਲ ਦੇ ਪੌਸਟਿਕ ਤੱਤ ਅਤੇ ਜੈਵਿਕ ਕਾਰਬਨ ਮਿੱਟੀ ਨੂੰ ਪ੍ਰਾਪਤ ਹੋ ਜਾਂਦੇ ਹਨ ਜਦ ਕਿ ਖੇਤ ਵਿੱਚ ਪਰਾਲੀ ਨੂੰ ਸਾੜਨ ਨਾਲ ਮਿੱਟੀ ਨੂੰ ਇਹ ਲਾਭ ਨਹੀਂ ਮਿਲਦਾ। ਉਨਾਂ ਕਿਹਾ ਕਿ ਇੱਕ ਟਨ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਨਾਲ ਤਕਰੀਬਨ 1515 ਕਿਲੋ ਕਾਰਬਨ ਡਾਈਆਕਸਾਈਡ,92 ਕਿਲੋ ਕਾਰਬਨ ਮੋਨੋਆਕਸਾਈਡ, 3.83 ਕਿਲੋ ਨਾਈਟਿ੍ਰਕ ਆਕਸਾਈਡ, 0.4 ਕਿਲੋ ਸਲਫਰ ਆਕਸਾਈਡ,2.7 ਕਿਲੋ ਮੀਥੇਨ ਅਤੇ 15.7 ਕਿਲੋ ਆਰਗੈਨਿਕ ਕੰਪਾਉਂਡ ਉਤਪਨ ਹੁੰਦੇ ਹਨ ਜੋ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਿਹਤ ਲਈ ਬਹੁਤ ਘਾਤਕ ਸਿੱਧ ਹੁੰਦੀਆਂ ਹਨ। ਉਹਨਾਂ ਦੱਸਿਆ ਕਿ ਇਨਾਂ ਜਹਿਰੀਲੀਆਂ ਗੈਸਾਂ ਕਰਕੇ ਹੀ ਅੱਜ ਖੁੱਲੀ ਹਵਾ ਵਿਚ ਸਾਹ ਲੈਣਾ ਔਖਾ ਹੋਇਆ ਪਿਆ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਖੇਤ ਵਿਚ ਸੰਭਾਲ ਕਰਨ ਨਾਲ ਹੋਣ ਵਾਲੇ ਫਾਇਦਿਆਂ ਨੂੰ ਦੇਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਝੋਨੇ ਦੀ ਪਰਾਲੀ ਬੋਝ ਨਹੀਂ ਸਗੋਂ ਮਿੱਟੀ ਦੀ ਸਿਹਤ ਸੁਧਾਰਨ ਲਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ, ਜਿਸ ਨੂੰ ਅੱਗ ਲਾ ਕੇ ਸਾੜਣ ਦੀ ਬਿਜਾਏ ਖੇਤਾਂ ਵਿੱਚ ਸੰਭਾਲ ਕੇ ਕਣਕ ਜਾਂ ਹੋਰ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ।