ਮੁੰਬਈ-ਜਨਤਾ ਐਕਸਪੈ੍ਰਸ ਰੇਲਗੱਡੀ ਨੂੰ ਦੁਬਾਰਾ ਚਾਲੂ ਕਰਾਉਣ ਦੀ ਵੀ ਕੀਤੀ ਮੰਗ
ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦੇ ਪ੍ਰਧਾਨ ਨੇ ਰੇਲ ਯਾਤਰੀਆਂ ਦੀਆਂ ਸਮੱਸਿਆਵਾਂ ਅਤੇ ਹੋਰ ਮੁਸ਼ਕਿਲਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਨੂੰ ਸੋਂਪਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਗੱਡੀ ਨੰ: 19123-24 ਮੁੰਬਈ ਜਨਤਾ ਐਕਸਪ੍ਰੈਸ ਨੂੰ 1978 ਵਿੱਚ ਜਨਤਾ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਸੀ। ਇਹ ਗੱਡੀ ਜਨਤਾ ਦੀ ਮੰਗ ’ਤੇ ਸ਼ੁਰੂ ਕੀਤੀ ਗਈ ਸੀ ਅਤੇ ਇਹ ਰੇਲ ਗੱਡੀ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਵਿੱਚੋਂ ਹੁੰਦੀ ਹੋਈ, ਮੁੰਬਈ ਜਾਂਦੀ ਸੀ। ਇਹ ਗੱਡੀ ਲੋਕਾਂ ਦੀ ਹਰਮਨ ਪਿਆਰੀ ਗੱਡੀਆਂ ਵਿੱਚੋਂ ਇੱਕ ਸੀ ਪਰ ਕੋਵਿਡ ਦੇ ਬਹਾਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹੀ ਬੰਦ ਕਰ ਦਿੱਤੀ, ਇਸ ਰੇਲ ਗੱਡੀ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ। ਗੱਡੀ ਨੰ: 20973-74 ਰਾਮੇਸ਼ਵਰਮ ਤੋਂ ਚੱਲਕੇ ਫਿਰੋਜ਼ਪੁਰ ਆਉਣ ਵਾਲੀ ਸਪਤਾਹਿਕ ਗੱਡੀ ਦਾ ਠਹਿਰਾਵ ਕੋਟਕਪੂਰਾ ਜੰਕਸ਼ਨ ਤੇ ਕੀਤਾ ਜਾਵੇ ਤਾਂ ਜੋ ਹਿੰਦੂ ਸਮਾਜ ਵਾਲੇ ਲੋਕ ਰਾਮੇਸ਼ਵਰਮ ਵਿਖੇ ਜਾਕੇ ਦਰਸ਼ਨ ਕਰ ਸਕਣ। ਪਿਛਲੇ ਸਾਲ ਕੇਂਦਰ ਦੀ ਸਰਕਾਰ ਨੇ ਕੋਟਕਪੂਰਾ ਰੇਲਵੇ ਸਟੇਸ਼ਨ ਨਵੀਨੀਕਰਨ ਕਰਨ ਲਈ 23 ਕਰੋੜ 50 ਲੱਖ ਰੁਪਏ ਦਿੱਤੇ ਗਏ ਸਨ ਪਰ ਰੇਲਵੇ ਸਟੇਸ਼ਨ ’ਤੇ ਬਹੁਤ ਸਾਰੀਆਂ ਗੱਡੀਆਂ ਦਾ ਠਹਿਰਾਵ ਨਾ ਹੋਣ ਕਾਰਨ ਇਸ ਰੇਲਵੇ ਸਟੇਸ਼ਨ ਦੀ ਆਮਦਨ ਵਿੱਚ ਕੋਈ ਵਾਧਾ ਨਹੀਂ ਹੋਇਆ, ਜਿਸ ਕਾਰਨ ਲੋਕਾਂ ਦੀ ਮੰਗ ਹੈ ਕਿ ਜੋ ਰੇਲ ਗੱਡੀਆਂ ਬਠਿੰਡਾ ਤੋਂ ਚੱਲ ਕੇ ਸਿੱਧਾ ਫਿਰੋਜ਼ਪੁਰ ਖੜ੍ਹਦਿਆਂ ਨੇ ਉਨ੍ਹਾਂ ਦਾ ਠਹਿਰਾਅ ਕੋਟਕਪੂਰਾ ਜੰਕਸ਼ਨ ’ਤੇ ਕੀਤਾ ਜਾਵੇ, ਜਿਵੇਂ ਕਿ ਅਹਿਮਦਾਬਾਦ ਕਟੜਾ (ਗੱਡੀ ਨੰ: 19415-16), ਜੰਮੂਤਵੀਂ (ਗੱਡੀ ਨੰ: 19107-08) ਦਾ ਵੀ ਠਹਿਰਾਅ ਕੋਟਕਪੂਰਾ ਜੰਕਸ਼ਨ ’ਤੇ ਕੀਤਾ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਜਗਦੀਸ਼ ਪ੍ਰਸ਼ਾਦ, ਸਵਰਨ ਚਾਨਾ, ਮੋਹਨ ਲਾਲ, ਪ੍ਰੋ. ਹਰਬੰਸ ਪਦਮ, ਸੋਮਨਾਥ ਅਰੋੜਾ, ਰਮੇਸ਼ ਕੁਮਾਰ ਸ਼ਰਮਾ, ਪ੍ਰੋ: ਦਰਸ਼ਨ ਸਿੰਘ, ਪ੍ਰਦੀਪ ਮਿੱਤਲ, ਸੰਦੀਪ ਗੋਇਲ ਆਦਿ ਹਾਜ਼ਰ ਸਨ।
