ਪਾਇਲ/ਮਲੌਦ 6 ਨਵੰਬਰ(ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਨਵੰਬਰ ਮਹੀਨੇ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਡਾਕਟਰ ਸੁਖਵਿੰਦਰ ਸਿੰਘ ਚੀਮਾਂ ਦੀ ਦੇਖ-ਰੇਖ ਹੇਠ ਹੋਈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਜਪੁਜੀ ਸਾਹਿਬ ਜੀ ਦੀ ਚੌਤੀਵੀਂ ਪਾਉੜੀ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਇਸ ਤੋਂ ਬਾਅਦ ਸਾਰਿਆਂ ਵੱਲੋਂ ਰਲ਼ ਕੇ ਜਗਦੇਵ ਸਿੰਘ ਘੁੰਗਰਾਲੀ ਦਾ ਲਿਖਿਆ ਅਤੇ ਮੁਮਤਾਜ ਅਲੀ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਧਾਰਮਿਕ ਗੀਤ ਸਭ ਦਾ ਭਲਾ ਕਰੀਂ ਦਾਤਾ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿਚ ਹਰਪ੍ਰੀਤ ਸਿੰਘ ਸਿਹੌੜਾ ਨੇ ਗੀਤ ਅੱਖਰ, ਡਾਕਟਰ ਸੁਖਵਿੰਦਰ ਸਿੰਘ ਚੀਮਾਂ ਨੇ ਕਵਿਤਾ ਇੱਕਵੀਂ ਸਦੀ ਦੇ ਹਾਣੀ, ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ਹਲਵਾਈ, ਨੇਤਰ ਸਿੰਘ ਮੁੱਤਿਓ ਨੇ ਗੀਤ ਤੇਰੇ ਨਾਲ ਗੱਲਾਂ ਕਰਕੇ, ਅਮਰਜੀਤ ਸਿੰਘ ਘੁਡਾਣੀ ਨੇ ਕਵਿਤਾ ਸ਼ਾਇਰ ਨਾਲ਼ ਨਾ ਦੇਈਂ ਲਾਵਾਂ, ਸੋਮਨਾਥ ਸਿੰਘ ਹਰਨਾਮਪੁਰਾ ਨੇ ਗੀਤ ਗੁਰਬਾਣੀ ਪੜਦੇ, ਕਰਮਜੀਤ ਸਿੰਘ ਢਿੱਲੋਂ ਨੇ ਕਵਿਤਾ ਪੈਂਤੀ ਅੱਖਰੀ, ਸੁਖਬੀਰ ਸਿੰਘ ਪਾਇਲ ਨੇ ਗੀਤ ,ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਕੁੱਝ ਤਸਵੀਰਾਂ ਅਤੇ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਕਵਿਤਾ ਨਾਜ਼ੀਵਾਦ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਵੀ ਦਿੱਤੇ ਗਏ। ਇਸ ਮੌਕੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਲੇਖਕ ਅਨੂਪ ਸਿੰਘ ਵਿਰਕ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।