ਤਲਵੰਡੀ ਸਾਬੋ 26 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਜਗਤ ਵਿੱਚ ਇਹ ਖ਼ਬਰ ਬੜੀ ਪ੍ਰਸੰਨਤਾ ਨਾਲ ਸੁਣੀ ਜਾਵੇਗੀ ਕਿ ਪੰਜਾਬੀ ਦੇ ਪ੍ਰਸਿੱਧ ਅਨੁਵਾਦਕ ਅਤੇ ਲੇਖਕ ਪ੍ਰੋ. ਨਵ ਸੰਗੀਤ ਸਿੰਘ, ਜੋ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੋਂ ਸੇਵਾਮੁਕਤ ਹੋ ਚੁੱਕੇ ਹਨ, ਵੱਲੋਂ ਅਨੁਵਾਦ ਕੀਤੀ 26ਵੀਂ ਕਿਤਾਬ ‘ਮਾਲਵਾ’ ਪ੍ਰਕਾਸ਼ਿਤ ਹੋ ਚੁੱਕੀ ਹੈ। ਇਹ ਕਿਤਾਬ ਉਨ੍ਹਾਂ ਨੇ ਹਿੰਦੀ ਤੋਂ ਅਨੁਵਾਦ ਕੀਤੀ ਹੈ ਜਿਸਦੇ ਮੂਲ ਲੇਖਕ ਰੂਸ ਦੇ ਪ੍ਰਸਿੱਧ ਸਾਹਿਤਕਾਰ ਮੈਕਸਿਮ ਗੋਰਕੀ ਹਨ। ਜ਼ਿਕਰਯੋਗ ਹੈ ਕਿ ਪ੍ਰੋ. ਸਿੰਘ ਨੇ ਅਨੁਵਾਦ ਦੇ ਕਾਰਜ ਨੂੰ ਇੱਕ ਚੁਣੌਤੀ ਵਜੋਂ ਪ੍ਰਵਾਨ ਕੀਤਾ ਹੈ ਤੇ ਉਨ੍ਹਾਂ ਦਾ ਵਧੇਰੇ ਕਾਰਜ ਅਨੁਵਾਦ ਨਾਲ ਹੀ ਸੰਬੰਧਿਤ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰੋ. ਸਿੰਘ ਨੇ ਹੋਰ ਦੱਸਿਆ ਕਿ ‘ਮਾਲਵਾ’ ਨਾਂ ਦੀ ਇਹ ਪੁਸਤਕ ਨਵੰਬਰ 2024 ਵਿੱਚ ਪ੍ਰਕਾਸ਼ਿਤ ਹੋ ਕੇ ਸਾਹਮਣੇ ਆਈ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮੈਕਸਿਮ ਗੋਰਕੀ (1868-1936) ਆਪਣੇ ਨਾਵਲ ‘ਮਾਂ’ ਰਾਹੀਂ ਪੂਰੀ ਦੁਨੀਆਂ ਵਿੱਚ ਚਰਚਿਤ ਹੋਏ। ‘ਮਾਲਵਾ’ ਇੱਕ ਸੁੰਦਰ ਯੁਵਤੀ ਦੀ ਕਹਾਣੀ ਹੈ। ਇਹ ਨਾਵਲ ਔਰਤ-ਮਰਦ ਸੰਬੰਧਾਂ, ਪ੍ਰੇਮ, ਈਰਖਾ ਅਤੇ ਔਰਤ ਪਿੱਛੇ ਅੰਨ੍ਹੀ ਭੱਜ-ਦੌੜ ਨੂੰ ਮਨੋਵਿਗਿਆਨਕ ਢੰਗ ਨਾਲ ਪ੍ਰਸਤੁਤ ਕਰਦਾ ਹੈ। ਸਾਹਿਤਕ ਅਤੇ ਅਕਾਦਮਿਕ ਜਗਤ ਨਾਲ ਸੰਬੰਧਿਤ ਸ਼ਖਸੀਅਤਾਂ ਵੱਲੋਂ ਪ੍ਰੋ. ਸਿੰਘ ਨੂੰ ਉਨ੍ਹਾਂ ਦੀ ਇਸ ਅਨੁਵਾਦਿਤ ਪੁਸਤਕ ਲਈ ਲਗਾਤਾਰ ਵਧਾਈ-ਸੰਦੇਸ਼ ਮਿਲ ਰਹੇ ਹਨ।
ਫੋਟੋ ਕੈਪਸ਼ਨ : ਲੇਖਕ ਪ੍ਰੋ. ਨਵ ਸੰਗੀਤ ਸਿੰਘ ਆਪਣੀ ਅਨੁਵਾਦਿਤ ਕਿਤਾਬ ਨਾਲ