ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਤੇ ਰਾਜ ਸਰਕਾਰਾਂ ਦੇ ਸਿਹਤ ਸਹੂਲਤਾਂ ਅਤੇ ਐਂਬੂਲੈਂਸਾਂ ਆਮ ਲੋਕਾਂ ਨੂੰ ਦੇਣ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਪਿਛਲੇ ਦਿਨੀ ਪ੍ਰਵਾਸੀ ਮਜਦੂਰ ਵਲੋਂ ਫਰੀਦਕੋਟ ਵਿਖੇ ਐਂਬੂਲੈਂਸ ਦੀ ਬਜਾਇ ਆਪਣੇ ਰਿਸ਼ਤੇਦਾਰ ਦੀ ਲਾਸ਼ ਰੇਹੜੀ ’ਤੇ ਲਿਜਾਣ ਲਈ ਮਜਬੂਰ ਹੋਣਾ ਪਿਆ। ਇਸ ਸਬੰਧੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਐਂਬੂਲੈਸ ਨਾ ਆਉਣ ’ਤੇ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਲਈ ਕਿਹਾ ਹੈ। ਉਨਾਂ ਕਿਹਾ ਕਿ ਸਿਵਲ ਹਸਪਤਾਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਸਰਕਾਰੀ ਐਬੂਲੈਂਸਾਂ ਦੀ ਸੁਵਿਧਾ ਹੈ। ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਨੇ ਕਿਹਾ ਕਿ ਸਿਵਲ ਹਸਪਤਾਲ ਵਿਖੇ 108 ਐਬੂਲੈਂਸ ਸਮੇਤ 10 ਐਬੂਲੈਂਸਾਂ ਹਨ, ਸਾਡੇ ਕਿਸੇ ਵੀ ਮੁਲਾਜਮ ਤੋਂ ਐਬੂਲੈਂਸ ਦੀ ਮੰਗ ਨਹੀ ਕੀਤੀ ਗਈ ਸੀ, ਜੇਕਰ ਕੀਤੀ ਹੁੰਦੀ ਤਾਂ ਤੁਰਤ ਸਹਿਯੋਗ ਕੀਤਾ ਜਾਣਾ ਸੀ। ਸਹਾਰਾ ਕਲੱਬ ਦੇ ਪ੍ਰਧਾਨ ਪ੍ਰਵੀਨ ਕਾਲਾ ਨੇ ਕਿਹਾ ਕਿ ਸਾਡੇ ਕਿਸੇ ਵੀ ਮੈਂਬਰ ਨੂੰ ਫੋਨ ਨਹੀ ਆਇਆ। ਉਹਨਾਂ ਕਿਹਾ ਕਿ ਸਾਡੇ ਲਈ ਬਹੁਤ ਬਦਕਿਸਮਤੀ ਹੈ ਕਿ ਅਸੀ ਮਜਦੂਰ ਦਾ ਸਹਿਯੋਗ ਨਹੀ ਕਰ ਸਕੇ। ਉਨਾਂ ਕਿਹਾ ਕਿ ਸਾਡੇ ਵੱਲੋਂ ਬਿਲਕੁਲ ਮੁਫਤ ਸੇਵਾ ਕੀਤੀ ਜਾਂਦੀ ਹੈ। ਇਸ ਸਬੰਧੀ ਫਰੀਦਕੋਟ ਜੀ.ਆਰ.ਪੀ. ਪੁਲਿਸ ਦੇ ਐਸ.ਐਚ.ਓ. ਕੁਲਦੀਪ ਚੰਦ ਨੇ ਕਿਹਾ ਕਿ ਰੇਲਵੇ ਵਿਭਾਗ ਦੇ ਏ.ਐਸ.ਆਈ. ਸੁਖਮੰਦਰ ਸਿੰਘ ਨੇ ਐਂਬੂਲੈਂਸ ਲਈ ਫੋਨ ਕੀਤਾ ਸੀ ਪਰ ਅੱਗੋਂ ਜਵਾਬ ਮਿਲਿਆ ਕਿ ਆਉਣ ’ਤੇ ਜਿਆਦਾ ਟਾਈਮ ਲੱਗ ਜਾਵੇਗਾ। ਉਨਾਂ ਕਿਹਾ ਕਿ ਸਾਰੇ ਚੌਂਕੀ ਦੇ ਮੁਲਾਜਮਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਦੁਹਰਾਉਣੀ ਬਲਕਿ, ਸਰਕਾਰੀ ਗੱਡੀ ਦਾ ਇੰਤਜਾਰ ਕਰਨਾ ਹੈ।

