ਕੋਟਕਪੂਰਾ, 2 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਅਤੇ ਕਲਾ ਨੂੰ ਸਮਰਪਿਤ ਮੰਚ “ਸ਼ਬਦ-ਸਾਂਝ ਕੋਟਕਪੂਰਾ’’ ਵੱਲੋਂ ਇਲਾਕੇ ਦੀ ਪ੍ਰਸਿੱਧ ਸਖਸ਼ੀਅਤ ਅਤੇ ਸੀਨੀਅਰ ਪੱਤਰਕਾਰ ਰਹੇ ਗੁਰਮੀਤ ਸਿੰਘ ਦੇ ਅਕਾਲ-ਚਲਾਣੇ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਅਤੇ ਸਾਇਰ ਕੁਲਵਿੰਦਰ ਵਿਰਕ ਨੇ ਕਿਹਾ ਕਿ ਅਜੀਤ ਅਖਬਾਰ ਦੇ ਫਰੀਦਕੋਟ ਵਿਖੇ ਸਥਿਤ ਉੱਪ ਦਫਤਰ ਦੇ ਬਾਨੀ ਗੁਰਮੀਤ ਸਿੰਘ ਪੱਤਰਕਾਰੀ ਦੇ ਖੇਤਰ ਵਿੱਚ ਲਗਭਗ ਤਿੰਨ ਦਹਾਕੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਰਹੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਉਹਨਾਂ ਦਾ ਨਿੱਘਾ ਰਿਸਤਾ ਸੀ। ਸ਼ਬਦ-ਸਾਂਝ ਮੰਚ, ਕੋਟਕਪੂਰਾ ਦੇ ਗਠਨ ਉਪਰੰਤ ਕਰਵਾਏ ਗਏ ਪਹਿਲੇ ਸਾਨਦਾਰ ਸਮਾਗਮ ਵਿੱਚ ਉਹਨਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮੂਲੀਅਤ ਕੀਤੀ ਅਤੇ ਮੰਚ ਵਲੋਂ ਕੀਤੇ ਜਾਣ ਵਾਲੇ ਸਮਾਗਮਾਂ ਲਈ ਉਹ ਹਰ ਸੰਭਵ ਸਹਿਯੋਗ ਦਿੰਦੇ ਰਹੇ। ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਕਿਹਾ ਕਿ ਗੁਰਮੀਤ ਸਿੰਘ ਸੀਨੀਅਰ ਪੱਤਰਕਾਰ ਹੋਣ ਦੇ ਨਾਲ-ਨਾਲ ਉੱਘੇ ਸਮਾਜ-ਸੇਵੀ ਵੀ ਸਨ। ਪੰਜਾਬ ਦੀਆਂ ਅਨੇਕਾਂ ਨਾਮਵਰ ਸਖਸ਼ੀਅਤਾਂ ਨਾਲ ਉਹਨਾਂ ਦੇ ਨੇੜਲੇ ਸਬੰਧ ਸਨ। ਪੰਜਾਬੀ ਪੱਤਰਕਾਰੀ ਅਤੇ ਮਾਂ-ਬੋਲੀ ਲਈ ਨਿਭਾਈਆਂ ਗਈਆਂ ਸਾਨਦਾਰ ਸੇਵਾਵਾਂ ਲਈ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਦੇ ਸਰਪ੍ਰਸਤ ਨਾਵਲਕਾਰ ਜੀਤ ਸਿੰਘ ਸੰਧੂ, ਗੁਰਿੰਦਰ ਸਿੰਘ ਮਹਿੰਦੀਰੱਤਾ, ਉਦੇ ਰੰਦੇਵ, ਰਜਿੰਦਰ ਸਿੰਘ ਡਿੰਪਾ, ਗੁਰਬਚਨ ਸਿੰਘ ਭੁੱਲਰ, ਰਾਜਕੁਮਾਰੀ ਅਸਕਪ੍ਰੀਤ ਕੌਰ, ਭੁਪਿੰਦਰ ਪਰਵਾਜ, ਤੇਜਾ ਸਿੰਘ ਮੁਹਾਰ, ਸੰਤੋਖ ਸਿੰਘ ਮਿਨਹਾਸ ਆਦਿ ਨੇ ਵੀ ਗੁਰਮੀਤ ਸਿੰਘ ਦੇ ਅਕਾਲ-ਚਲਾਣੇ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿ ਪਰਮਾਤਮਾ ਵਿੱਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ। ਉਹਨਾਂ ਦੀ ਆਤਮਿਕ-ਸਾਂਤੀ ਲਈ ਅੰਤਿਮ ਅਰਦਾਸ ਮਿਤੀ 6 ਦਸੰਬਰ 2024 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 12:00 ਵਜੇ ਗੁਰੂਦੁਆਰਾ ਮਸਤੂਆਣਾ ਸਾਹਿਬ, ਰਾਮਾ ਰੋਡ, ਤਲਵੰਡੀ ਸਾਬੋ (ਬਠਿੰਡਾ) ਵਿਖੇ ਹੋਵੇਗੀ।

