ਮਹਿਲ ਕਲਾਂ 3 ਦਸੰਬਰ ( ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਬਹੁਤ ਹੀ ਸੁਰੀਲੀ ਆਵਾਜ਼ ਦੀ ਮਾਲਕ ਬੀਬਾ ਰਣਜੀਤ ਕੌਰ ਦੇ ਪੰਜਾਬੀ ਸੱਭਿਆਚਾਰ ਅੰਦਰ ਪਾਏ ਪੂਰਨਿਆਂ ਤੇ ਕਦਮ ਦਰ ਕਦਮ ਚੱਲਦੀ ਬੀਬਾ ਰਾਜਵਿੰਦਰ ਕੌਰ ਪਟਿਆਲਾ ਹੂ-ਬ-ਹੂ ਓਸੇ ਤਰ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਬੀਤੀ ਦੀਵਾਲੀ ਤੇ ਦੂਰਦਰਸ਼ਨ ਜਲੰਧਰ ਦੇ ਮਸ਼ਹੂਰ ਪ੍ਰੋਗਰਾਮ ਛਣਕਾਰ ਵਿੱਚ ਗਾਏ ਫ਼ਿਲਮੀ ਗੀਤਕਾਰ ਸਾਧੂ ਸਿੰਘ ਦਿਲਸ਼ਾਦ ਦੇ ਲਿਖੇ ” ਮੁੰਡਾ ਦਿਲ ਮੰਗਦਾ ” ਤੇ ਮਾਨ ਜੰਡੀ ਵਾਲਾ ਦੇ ਲਿਖੇ ” ਨੱਚ ਲੈ ਦਿਉਰਾ ” ਸੋਲੋ ਗੀਤਾਂ ਨਾਲ ਚਰਚਾ ਵਿੱਚ ਰਹਿ ਕੇ ਵਾਹਵਾ ਖੱਟਦੇ ਹੋਏ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਏ ਹਨ। ਇੰਨਾ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਉੱਘੇ ਸੰਗੀਤ ਪ੍ਰੇਮੀ ਤੇ ਗੀਤਕਾਰ ਭਿੰਦਾ ਜੱਟ ਬਾਰਨਹਾੜਾ ਨੇ ਇੱਕ ਹੋਰ ਨਵੇਂ ਪ੍ਰੋਜੈਕਟ ਦੀ ਤਿਆਰੀ ਆਰੰਭ ਦਿੱਤੀ ਸੀ, ਜਿਸ ਵਿੱਚ ਪ੍ਰਸਿੱਧ ਸੰਗੀਤਕਾਰ ਰਾਜਵੀਰ ਰਾਜੂ ਸੰਗਰੂਰ ਦੁਆਰਾ ਸੁਰ ਬੱਧ ਕੀਤੇ ਤੇ ਬਲਬੀਰ ਮਾਨ ਜੰਡੀ ਵਾਲਾ ਤੇ ਫ਼ਿਲਮੀ ਗੀਤਕਾਰ ਸਾਧੂ ਸਿੰਘ ਦਿਲਸ਼ਾਦ ਸ਼ੇਖੂਪੁਰਾ ਦੇ ਰਚਿਤ ਗੀਤਾਂ ਨੂੰ ਸਾਲ 2025 ਦੀ ਆਮਦ ਤੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਅੱਜ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹਨਾਂ ਗੀਤਾਂ ਦੀ ਸੌਗਾਤ ਵਿੱਚ ਡਰਾਈਵਰ ਭਰਾਵਾਂ ਲਈ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਗਿਆ ਗੀਤ ” ਡਰਾਈਵਰ ” ਚੇਅਰਮੈਨ ਸਾਧੂ ਸਿੰਘ ਦਿਲਸ਼ਾਦ ਦਾ ਲਿਖਿਆ ਹੋਇਆ ਹੈ ਅਤੇ ਦੋ ਗੀਤ ” ਲੌਂਗ ” ਤੇ” ਹੂਰ” ਉਸਤਾਦ ਲੋਕ ਸੰਸਾਰ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਜੀ ਦੇ ਲਾਡਲੇ ਸ਼ਾਗਿਰਦ ਇੰਜ਼ ਬਲਬੀਰ ਸਿੰਘ ਮਾਨ ਦੇ ਲਿਖੇ ਹੋਏ ਹਨ, ਜਿੰਨਾਂ ਦੇ ਪੇਸ਼ਕਾਰ ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ ਤੇ ਜਗਵੰਤ ਥਰੀਕੇ ਵਾਲੇ ਹਨ । ਇਹ ਗੀਤ ਨਵੇਂ ਵਰ੍ਹੇ ਦੀ ਆਮਦ ਤੇ ਖੁਸ਼ ਆਮਦੀਦ ਕਹਿਣ ਲਈ ਤਿਆਰ ਬਰ ਤਿਆਰ ਹਨ। ਇਸ ਮੌਕੇ ਪ੍ਰਸਿੱਧ ਗੀਤਕਾਰ ਤੇ ਸ਼ਾਇਰ, ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਵਿਜੇਤਾ ਅਮਰੀਕ ਸਿੰਘ ਤਲਵੰਡੀ ਨੇ ਸਮੁੱਚੀ ਟੀਮ ਨੂੰ ਵਧਾਈਆਂ ਦਿੰਦਿਆਂ ਦੱਸਿਆ ਕਿ ਇਹ ਗੀਤ ਜਲਦ ਹੀ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਕੇ, ਦੂਰਦਰਸ਼ਨ ਜਲੰਧਰ ਤੋਂ ਨਵੇਂ ਵਰ੍ਹੇ ਤੇ ਪ੍ਰਸਾਰਿਤ ਕੀਤੇ ਜਾਣਗੇ ਅਤੇ ਪਹਿਲਾਂ ਵਾਲੇ ਗੀਤਾਂ ਵਾਂਗ ਹਰ ਸਟੇਜ ਦਾ ਸ਼ਿੰਗਾਰ ਬਣਨਗੇ।
