
ਪਟਿਆਲਾ : 11 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਮਾਸਿਕ ਸਮਾਗਮ ਵਿੱਚ ਸੇਵਾਮੁਕਤ ਬੈੰਕਰ ਹਰਵਿੰਦਰ ਸਿੰਘ ‘ਵਿੰਦਰ’ ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਤਿੱਖੀਆਂ ਸੂਲ਼ਾਂ’ ‘ਤੇ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਸੰਵਾਦ ਰਚਾਇਆ ਗਿਆ। ਇਸ ਵਿੱਚ ਡਾ. ਹਰਿਸਿਮਰਨ ਸਿੰਘ ਰੰਧਾਵਾ (ਪ੍ਰਧਾਨ), ਸ਼੍ਰੀਮਤੀ ਅਨੂਪਇੰਦਰ ਕੌਰ ਸੰਧੂ (ਮੁੱਖ ਮਹਿਮਾਨ), ਡਾ. ਤਿਰਲੋਚਨ ਕੌਰ, ਪ੍ਰੋ. ਨਵ ਸੰਗੀਤ ਸਿੰਘ, ਸੁਖਦੇਵ ਸਿੰਘ ਸ਼ਾਂਤ (ਸਾਰੇ ਵਿਸ਼ੇਸ਼ ਮਹਿਮਾਨ) ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਹੋਰਨਾਂ ਤੋਂ ਇਲਾਵਾ ਪ੍ਰੋ. ਨਵ ਸੰਗੀਤ ਸਿੰਘ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ. ਸਿੰਘ ਨੇ ਸਾਹਿਤਕਾਰ ਦੇ ਦਾਇਤੱਵ ਨੂੰ ਰੇਖਾਂਕਿਤ ਕਰਦਿਆਂ ਵਿੰਦਰ ਨੂੰ ਉਹਦੀ ਕਿਤਾਬ ਲਈ ਮੁਬਾਰਕ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿੰਦਰ ਦੀਆਂ ਕਵਿਤਾਵਾਂ ਸਮਾਜਕ ਵਿਸੰਗਤੀਆਂ ਤੇ ਪੈਨਾ ਵਿਅੰਗ ਕਰਦੀਆਂ ਹਨ। ਵਿੰਦਰ ਨੇ ਵੰਨ ਸੁਵੰਨੇ ਵਿਸ਼ਿਆਂ ਦੀ ਤਰਜਮਾਨੀ ਕਰਦਿਆਂ ਚੁਗਿਰਦੇ ਨੂੰ ਡੂੰਘੀ ਨੀਝ ਨਾਲ ਵਾਚਿਆ ਹੈ ਤੇ ਆਪਣੇ ਸਮਕਾਲ/ਤੱਤਕਾਲ ਦੀ ਤਿੱਖੇ ਨਸ਼ਤਰ ਨਾਲ ਚੀਰਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮਾਗਮ ਵਿੱਚ ਹਾਜ਼ਰ ਸਰੋਤਿਆਂ ਨੇ ਕਵਿਤਾਵਾਂ, ਗੀਤਾਂ, ਮਿੰਨੀ ਕਹਾਣੀਆਂ ਰਾਹੀਂ ਆਪੋ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਸਭਾ ਦੀਆਂ ਗਤੀਵਿਧੀਆਂ ਦੱਸੀਆਂ ਤੇ ਸਾਰੇ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ। ਅੰਤ ਵਿੱਚ ਪ੍ਰੋ. ਸਿੰਘ ਨੂੰ ਸਭਾ ਵੱਲੋਂ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
