ਮਾਸੂਮ ਪੋਤਰੇ ਸਮੇਤ ਪਿੰਡ ਦੇ ਸਾਰੇ ਕਿਸਾਨ ਪਰਿਵਾਰਾਂ ਨੇ ਇਕ ਦਿਨ ਲਈ ਕੀਤੀ ਭੁੱਖ ਹੜਤਾਲ
ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ‘ਚ ਉਨ੍ਹਾਂ ਦੇ ਜੱਦੀ ਪਿੰਡ ਡੱਲੇਵਾਲ ਜਿਲ੍ਹਾ ਫਰੀਦਕੋਟ ਵਿਖੇ ਪਿੰਡ ਵਾਸੀਆਂ ਵਲੋਂ ਇਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ ਤੇ ਕੇਂਦਰ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਇਕੱਲੇ ਸਾਡੇ ਪਿੰਡ ਦੇ ਨਹੀਂ, ਪੂਰੀ ਦੁਨੀਆ ਦੇ ਕਿਸਾਨਾਂ ਦੇ ਨੇਤਾ ਹਨ, ਜੋ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਹਨ ਤੇ 15 ਦਿਨ ਹੋ ਗਏ ਹਨ ਕਿ ਉਨ੍ਹਾਂ ਵਲੋਂ ਕੁਝ ਵੀ ਖਾਧਾ ਨਹੀਂ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਥ ਦੇਣ ਅਤੇ ਸਰਕਾਰ ਨੂੰ ਇਹ ਦੱਸਣ ਲਈ ਕਿ ਸ: ਡੱਲੇਵਾਲ ਦਾ ਪਰਿਵਾਰ ਹੀ ਨਹੀਂ ਪੂਰਾ ਪਿੰਡ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਹ ਭੁੱਖ ਹੜਤਾਲ ਸੰਕੇਤਕ ਹੈ ਪਰ ਜੇਕਰ ਧਰਨੇ ਤੋਂ ਹੁਕਮ ਹੋਇਆ ਤਾਂ ਉਹ ਇਸ ਹੜਤਾਲ ਨੂੰ ਅੱਗੇ ਵੀ ਵਧਾ ਸਕਦੇ ਹਨ। ਜਗਜੀਤ ਸਿੰਘ ਡੱਲੇਵਾਲ ਦੀ ਨੂੰਹ ਨੇ ਕਿਹਾ ਕਿ ਸ: ਡੱਲੇਵਾਲ ਇਕ ਇਨਸਾਨ ਨਹੀਂ ਬਲਕਿ ਇਕ ਸੋਚ ਹਨ ਅਤੇ ਸੋਚ ਨੂੰ ਦਬਾਇਆ ਨਹੀ ਜਾ ਸਕਦਾ। ਜਗਜੀਤ ਸਿੰਘ ਡੱਲੇਵਾਲ ਦੇ ਪੋਤਰੇ ਜਿਗਰਜੋਤ ਸਿੰਘ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਆਪਣੇ ਦਾਦੇ ਨਾਲ ਮੋਰਚੇ ‘ਚ ਸ਼ਾਮਿਲ ਹੋ ਕੇ ਭੁੱਖ ਹੜਤਾਲ ਵੀ ਕਰ ਸਕਦਾ ਹੈ।

