ਮੁਲਜਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ, ਹੋਰ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ : ਐਸਐਸਪੀ
ਕੋਟਕਪੂਰਾ, 15 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਕ ਕਾਰੋਬਾਰੀ ਤੋਂ 10 ਕਰੋੜ ਰੁਪਏ ਦੀ ਫਿਰੋਤੀ ਮੰਗਣ ਦੇ ਦੋਸ਼ ਹੇਠ ਪੁਲਿਸ ਨੇ ਚਾਰ ਨੌਜਵਾਨਾ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜੋ ਵਟਸਅਪ ਕਾਲ ਕਰਕੇ ਇਕ ਵਪਾਰੀ ਕੋਲੋਂ 10 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕਰ ਰਹੇ ਸਨ। ਮੁਲਜਮਾ ਵਿੱਚ ਤਿੰਨ ਲੜਕੇ ਅਤੇ ਇਕ ਲੜਕੀ ਸ਼ਾਮਲ ਹੈ। ਡਾ. ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਵਲੋਂ ਬੁਲਾਈ ਗਈ ਪੈ੍ਰਸ ਕਾਨਫਰੰਸ ਵਿੱਚ ਉਹਨਾ ਦੱਸਿਆ ਕਿ ਸਥਾਨਕ ਸਿਟੀ ਥਾਣੇ ਦੇ ਏਐਸਆਈ ਸਤੀਸ਼ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿੱਚ ਕਿ੍ਰਸ਼ਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਪੰਚਕੁਲਾ (ਹਰਿਆਣਾ) ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਕੋਲੋਂ ਵਟਸਅਪ ਕਾਲ ਰਾਹੀਂ 10 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਦਾ ਜਾਨੀ-ਮਾਲੀ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਮੁਦੱਈ ਨੂੰ ਪਹਿਲਾਂ ਬੱਸ ਸਟੈਂਡ ਕੋਟਕਪੂਰਾ ਅਤੇ ਫਿਰ ਦਾਣਾ ਮੰਡੀ ਵਿੱਚ ਬੁਲਾਇਆ ਗਿਆ, ਜਿੱਥੇ ਮੁਦੱਈ ਨੂੰ ਕੋਈ ਵੀ ਨਾ ਮਿਲਿਆ। ਪੁਲਿਸ ਪਾਰਟੀ ਨੇ ਤੁਰਤ ਕਾਰਵਾਈ ਕਰਦਿਆਂ ਰਾਕੇਸ਼ ਕੁਮਾਰ ਪੁੱਤਰ ਜੰਗੀ ਪਾਸਵਾਨ ਵਾਸੀ ਮੁਹੱਲਾ ਨਿਰਮਾਨਪੁਰਾ ਕੋਟਕਪੂਰਾ, ਪਵਨ ਕੁਮਾਰ ਉਰਫ ਪੰਨੀ ਪੁੱਤਰ ਭੇਜਾ ਰਾਮ ਵਾਸੀ ਕੋਟਕਪੂਰਾ ਅਤੇ ਇਕ ਲੜਕੀ ਵਾਸੀਆਨ ਕੋਟਕਪੂਰਾ ਜਦਕਿ ਨਿਖਲ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਖੋਖਰਾਂ ਵਾਲਾ ਫਰੀਦਕੋਟ ਨੂੰ ਕਾਬੂ ਕਰਕੇ ਉਕਤਾਨ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਨਿਖਲ ਕੁਮਾਰ ਦਾ ਪਹਿਲਾਂ ਵੀ ਅਪਰਾਧਕ ਪਿਛੋਕੜ ਹੈ ਤੇ ਉਸ ਉੱਪਰ ਸਿਟੀ ਥਾਣਾ ਫਰੀਦਕੋਟ ਵਿਖੇ ਮਾਮਲਾ ਦਰਜ ਹੈ। ਉਹਨਾਂ ਦੱਸਿਆ ਕਿ ਉਕਤਾਨ ਮੁਲਜਮਾ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ ਵਿੱਚ ਵਾਪਰੀਆਂ ਇਹੋ ਜਿਹੀਆਂ ਹੋਰ ਘਟਨਾਵਾਂ ਦਾ ਸੁਰਾਗ ਲਾਇਆ ਜਾ ਸਕੇ।