ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਹੁ ਚਰਚਿਤ ਕੇਸ ਵਿੱਚ ਨਾਮਜ਼ਦ ‘ਨਿਹੰਗ ਵੱਲੋਂ ਗੁੱਟ ਵੱਢ ਕੇ ਕਿਰਪਾਨ ਦੀ ਧਾਰ ਚੈੱਕ ਕੀਤੀ ਕਿਤੇ ਖੁੰਡੀ ਤਾਂ ਨਹੀਂ ਹੋ ਗਈ, ‘ਫੇਸਬੁੱਕ ਤੇ ਕਮੈਂਟ ਕਰਨ ਵਾਲਾ ਮੁਲਜਮ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਡਵੋਕੇਟ ਅਜੀਤ ਵਰਮਾ ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਨੇ ਦੱਸਿਆ ਕਿ ਸਾਲ 2020 ਵਿੱਚ ਲਾਕਡਾਊਨ ਦੌਰਾਨ ਜ਼ਿਲਾ ਪਟਿਆਲਾ ਵਿਖੇ ਹੋਈ ਵਾਰਦਾਤ, ਜਿਸ ਵਿੱਚ ਨਿਹੰਗ ਸਿੰਘ ਵੱਲੋਂ ਪੁਲਿਸ ਮੁਲਾਜਮ ਦਾ ਘੁੱਟ ਵੱਢ ਦਿੱਤਾ ਗਿਆ ਸੀ, ਜਿਸ ’ਤੇ ਮੋਗਾ ਨਿਵਾਸੀ ਵਰਿੰਦਰਪਾਲ ਸਿੰਘ ਉਰਫ ਵੀ.ਪੀ. ਸਿੰਘ ਵੱਲੋਂ ਕਥਿਤ ਤੌਰ ’ਤੇ ਆਪਣੀ ਫੇਸਬੁੱਕ ਆਈ.ਡੀ. ’ਤੇ ਕੁਮੈਂਟ ਕੀਤਾ ਗਿਆ ਕਿ ‘ਅੱਜ ਪਟਿਆਲਾ ਵਿਖੇ ਨਿਹੰਗ ਸਿੰਘ ਵੱਲੋਂ ਗੁੱਟ ਵੱਢ ਕੇ ਆਪਣੀ ਕਿਰਪਾਨ ਦੀ ਧਾਰ ਚੈੱਕ ਕੀਤੀ ਗਈ ਹੈ, ਕਿਤੇ ਖੁੰਡੀ ਤਾਂ ਨਹੀਂ ਹੋ ਗਈ, ਉੱਕਤ ਕਥਿਤ ਪੋਸਟ ਵਾਇਰਲ ਹੋਣ ਤੋ ਬਾਅਦ ਮੋਗਾ ਸਿਟੀ ਸਾਊਥ ਵੱਲੋਂ ਮੁਲਜਮ ਵਰਿੰਦਰਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਨਿਗਾਹਾ ਰੋਡ ਮੋਗਾ ’ਤੇ ਮੁਕੱਦਮਾ ਨੰਬਰ 65 ਮਿਤੀ 12/4/2020 ਅਧੀਨ ਧਾਰਾ 153,153 ਬੀ, 505(1) ਆਈ.ਪੀ.ਸੀ., 66 ਐੱਫ ਇਨਫਰਮੇਸ਼ਨ ਟੈਕਨਾਲੋਜੀ ਐਕਟ, 188,53 ਡਿਜਾਸ਼ਟਰ ਮੈਨੇਜਮੈਂਟ ਐਕਟ ਮੁਕੱਦਮਾ ਦਰਜ ਕੀਤਾ ਗਿਆ ਅਤੇ ਪੁਲਿਸ ਵਲੋਂ ਵਰਿੰਦਰਪਾਲ ’ਤੇ ਦੰਗੇ ਕਰਾਉਣ ਅਤੇ ਨਫਰਤ ਫੈਲਾਉਣ ਦੀ ਮਨਸ਼ਾ ਦੇ ਦੋਸ਼ ਲਾਏ ਗਏ ਸਨ। ਦੌਰਾਨੇ ਕੇਸ ਦੋਸ਼ੀ ਵਰਿੰਦਰਪਾਲ ਸਿੰਘ ਦੇ ਵਕੀਲ ਅਜੀਤ ਵਰਮਾ ਅਤੇ ਆਸ਼ੀਸ਼ ਗਰੋਵਰ ਐਡੋਵਕੇਟ ਦੀਆਂ ਦਲੀਲਾਂ ਤੋਂ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਵਲੋਂ ਵਰਿੰਦਰਪਾਲ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।