
ਗੁਰਦਾਸਪੁਰ, 18 ਦਸੰਬਰ (ਬਲਵਿੰਦਰ ਸਿੰਘ ਬਾਲਮ/ਵਰਲਡ ਪੰਜਾਬੀ ਟਾਈਮਜ਼)
ਪੰਡਿਤ ਮੋਹਨ ਲਾਲ ਐੱਸ. ਡੀ. ਕਾਲਜ ਫ਼ਾਰ ਵੁਮੈਨ ਗੁਰਦਾਸਪੁਰ ਵਿਖੇ ਐਨ. ਐੱਸ. ਐੱਸ. ਵਿਭਾਗ ਵਲੋਂ ਸਪੈਸ਼ਲ ਸੱਤ ਰੋਜ਼ਾ ਕੈਂਪ ਦਾ ਉਦਘਾਟਨ ਸਮਾਰੋਹ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਸ. ਬਲਵਿੰਦਰ ਬਾਲਮ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਹ ਸਪੈਸ਼ਲ ਸੱਤ ਰੋਜ਼ਾ ਕੈਂਪ 17 ਦਸੰਬਰ ਤੋਂ 23 ਦਸੰਬਰ ਤੱਕ ਚੱਲੇਗਾ। ਇਸ ਕੈਂਪ ਦੀ ਵਿਸ਼ੇਸ਼ਤਾ ਹੈ ਕਿ ਇਹ ਦੋ ਭਾਗਾਂ ਸਵੇਰ ਅਤੇ ਸ਼ਾਮ ਵਿਚ ਵੰਡਿਆ ਹੋਇਆ ਹੈ। ਇਸ ਕੈਂਪ ਵਿਚ ਸੌ ਵਲੰਟੀਅਰ ਹਿੱਸਾ ਲੈਣਗੇ ਅਤੇ ਇਹ ਕੈਂਪ ਬਾਬੋਵਾਲ ਪਿੰਡ ਵਿਚ ਵਾਤਾਵਰਨ ਸਬੰਧੀ, ਔਰਤਾਂ ਦੇ ਅਧਿਕਾਰਾਂ ਸਬੰਧੀ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨਵੀਆਂ ਨੀਤੀਆਂ ਬਾਰੇ ਜਾਗਰੂਕਤਾ ਸੰਬੰਧੀ ਰੈਲੀਆਂ ਕੱਢਣਗੇ। ਇਸ ਦੇ ਨਾਲ-ਨਾਲ ਸਮਾਜ ਸੇਵਾ ਦੇ ਪ੍ਰੋਜੈਕਟ ਵੀ ਕੀਤੇ ਜਾਣਗੇ ਅਤੇ ਵੱਖ-ਵੱਖ ਵਿਸ਼ਾ ਮਾਹਿਰਾਂ ਨੂੰ ਬੁਲਾ ਕੇ ਸੈਮੀਨਾਰ ਅਤੇ ਵਰਕਸ਼ਾਪਾਂ ਵੀ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਸੇ ਪਿੰਡ ਵਿਚ ਸਿਹਤ ਜਾਂਚ ਕੈਂਪ ਵੀ ਲਗਾਇਆ ਜਾਵੇਗਾ। ਇਸ ਕੈਂਪ ਦੇ ਪ੍ਰੋਗਰਾਮ ਅਫ਼ਸਰ ਡਾ. ਸੁਖਵਿੰਦਰ ਕੌਰ ਅਤੇ ਮਿਸਿਜ਼ ਸਮਿਤਾ ਖਜੂਰੀਆ ਸਨ। ਇਸ ਮੌਕੇ ਸਮਿਤਾ ਖਜੂਰੀਆ ਨੇ ਪੀ.ਪੀ.ਟੀ. ਰਾਹੀਂ ਪਿਛਲੇ ਕੈਂਪ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਸ. ਬਲਵਿੰਦਰ ਬਾਲਮ ਨੇ ਆਪਣੇ ਭਾਸ਼ਣ ਵਿਚ ਵਲੰਟੀਅਰਾਂ ਨੂੰ ਸਾਹਿੱਤਿਕ ਰਚਨਾਵਾਂ ਸੁਣਾ ਕੇ ਪ੍ਰੇਰਿਤ ਕੀਤਾ ਅਤੇ ਕੈਂਪ ਦੇ ਦੌਰਾਨ ਸਮਾਜ ਸੇਵਾ ਦੇ ਕੰਮਾਂ ਪ੍ਰਤੀ ਵਧ ਚੜ੍ਹ ਕੇ ਹਿੱਸਾ ਲੈਂਦਿਆਂ ਮਹਿਸੂਸ ਕੀਤਾ ਜਾਵੇ ਕਿ ਜੋ ਅਸੀਂ ਕਾਰਜ ਕਰ ਰਹੇ ਕਿ ਉਹ ਸਹੀ ਹੈ। ਅੰਤ ਵਿਚ ਪ੍ਰਿੰਸੀਪਲ ਮੈਡਮ ਨੇ ਮੁੱਖ ਮਹਿਮਾਨ ਦਾ ਸ਼ਬਦੀ ਧੰਨਵਾਦ ਕੀਤਾ