ਕੋਟਕਪੂਰਾ, 19 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਗਿਆਨ ਭੰਡਾਰ ਵਿੱਚ ਵਾਧਾ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੱਗਰ ਸਿੱਖਿਆ ਅਭਿਆਨ ਤਹਿਤ ਵਿਦਿਅਕ ਟੂਰ ਲਗਾਉਣ ਲਈ ਗਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਤਹਿਤ ਸਰਕਾਰੀ ਹਾਈ ਸਕੂਲ ਔਲਖ ਦੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਮੁੱਖ ਅਧਿਆਪਕ ਜਗਜੀਵਨ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਜੀਦਪੁਰ, ਐਂਗਲੋ ਸਿੱਖ ਅਜਾਇਬ ਘਰ, ਸਾਰਾਗੜੀ ਮਿਊਜ਼ੀਅਮ, ਹੁਸੈਨੀ ਵਾਲਾ ਬਾਰਡਰ ਵਿਖੇ ਭਾਰਤ ਦੇ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜ ਗੁਰੂ ਦੀ ਸਮਾਧ ‘ਤੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਸ ਉਪਰੰਤ ਹਿੰਦੋਸਤਾਨ ਤੇ ਪਾਕਿਸਤਾਨ ਦੇ ਬਾਰਡਰ ‘ਤੇ ਰਟਰੀਟ ਸੈਰੇਮਨੀ ਦਾ ਆਨੰਦ ਮਾਣਿਆ। ਸਵੇਰੇ ਵਿਦਿਅਕ ਫੇਰੀ ਲਈ ਰਵਾਨਾ ਹੋਣ ਸਮੇਂ ਪਿੰਡ ਔਲਖ ਦੇ ਸਰਪੰਚ ਬਲੌਰ ਸਿੰਘ ਅਤੇ ਮੈਂਬਰ ਪੰਚਾਇਤ ਬਲਕਾਰ ਸਿੰਘ ਵੱਲੋਂ ਰਵਾਨਾ ਕੀਤਾ ਗਿਆ। ਇਸ ਵਿਦਿਅਕ ਫੇਰੀ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਸਕੂਲ ਅਧਿਆਪਕ ਭੁਪਿੰਦਰ ਪਾਲ ਸਿੰਘ ਪੰਜਾਬੀ ਮਾਸਟਰ, ਨੀਰੂ ਸ਼ਰਮਾ ਹਿੰਦੀ ਮਿਸਟ੍ਰੈਸ ਤੇ ਹਰਜਿੰਦਰ ਕੌਰ ਅੰਗਰਜ਼ੀ ਮਿਸਟ੍ਰੈਸ ਤੋਂ ਇਲਾਵਾ ਸਰਬਜੀਤ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਟਹਿਣਾ ਵੱਲੋਂ ਕੀਤੀ ਗਈ। ਸਾਰੇ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਪੰਜਾਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਇਸ ਵਿਦਿਅਕ ਟੂਰ ਦਾ ਭਰਪੂਰ ਆਨੰਦ ਮਾਣਿਆ।
