ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵੱਲੋਂ ਸਾਹਿਬ-ਏ-ਕਮਾਲ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਅਤੇ ਵਿਸ਼ਾਲ ਖੂਨਦਾਨ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੰਜੀਵ ਕਿੱਟੂ ਅਹੂਜਾ ਨੇ ਦੱਸਿਆ ਕਿ ਸਥਾਨਕ ਜੈਤੋ ਰੋਡ ’ਤੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ 27 ਦਸੰਬਰ ਨੂੰ ਸਵੇਰੇ 10:00 ਤੋਂ ਦੁਪਹਿਰ 2:00 ਵਜੇ ਤੱਕ ਲਾਏ ਜਾ ਰਹੇ ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਆਕ੍ਰਿਤੀ ਸਿੰਗਲਾ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਆਪਣੀ ਟੀਮ ਸਮੇਤ ਮਰੀਜਾਂ ਦੀਆਂ ਅੱਖਾਂ ਦਾ ਚੈੱਕਅਪ ਅਤੇ ਆਪ੍ਰੇਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫਤ ਲੈਂਜ ਵੀ ਪਾਏ ਜਾਣਗੇ, ਐਨਕਾਂ ਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦੇ ਚੈੱਕਅਪ ਲਈ ਖਾਲੀ ਪੇਟ ਆਉਣ ਅਤੇ ਆਪਣੀ ਆਈ.ਡੀ. ਪਰੂਫ ਵੀ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੀ.ਬੀ.ਜੀ. ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਲਾਏ ਜਾਣ ਵਾਲੇ ਵਿਸ਼ਾਲ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਹਰ ਖੂਨਦਾਨੀ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ।
