ਕੋਟਕਪੂਰਾ, 21 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਵੱਲੋਂ ਵੀਰ ਬਾਲ ਦਿਵਸ਼ ਮਨਾਇਆ ਗਿਆ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਫ਼ਰ-ਏ-ਸ਼ਹਾਦਤ ਦੇ ਵੱਖ-ਵੱਖ ਦਿਵਸਾਂ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ। ਸਕੂਲ ਦੀ ਸੁਭਾ ਅਸੈਂਬਲੀ ਵਿੱਚ ਮੂਲ–ਮੰਤਰ ਦੇ ਪਾਠ ਕਰਵਾਏ ਗਏ। ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਾਹਿਬਜਾਦਿਆਂ ਦੀ ਯਾਦ ਵਿੱਚ ਸਿਦਕ ਕੌਰ, ਅਵਨੀਤ ਕੌਰ, ਸਾਹਿਲ ਧੀਰ, ਯੁਵਰਾਜ ਸਿੰਘ, ਏਕਮਜੀਤ ਕੌਰ, ਪ੍ਰਭਜੋਤ ਸਿੰਘ, ਸੁਖਲਾਲ ਸਿੰਘ ਅਤੇ ਅਵਨੀਤ ਕੌਰ ਨੇ ਕਵਿਤਾਵਾਂ ਉਚਾਰਨ ਕੀਤੀਆਂ । ਇਸ ਤੋਂ ਇਲਾਵਾ ਐਸ਼ਪ੍ਰੀਤ ਕੌਰ ਨੇ “ਵਾਓ ਦੁਨੀਆਂ ਦਿਆ ਮਾਲਕਾ”, ਅਗਮਜੋਤ ਸਿੰਘ ਨੇ “ਕ੍ਰਿਸਮਿਸ ਦੀਆਂ ਛੁੱਟੀਆਂ ਚ ਨਾ ਰੁੱਝ ਜਾਇਓ”, ਬਲਸ਼ਾਨ ਸਿੰਘ ਨੇ “ਸਾਰਾ ਪਰਿਵਾਰ ਵਾਰਿਆ”ਅਤੇ ਸਿਵਜੋਤ ਸਿੰਘ ਨੇ “ਥੋੜਾ ਕਿਸ ਪਾਸੇ” ਕਵਿਤਾਵਾਂ ਉਚਾਰਨ ਕੀਤੀਆਂ। ਸਕੂਲ ਦੇ ਬੱਚਿਆਂ ਵੱਲੋਂ ਮਿਲ ਕੇ “ਪ੍ਰਣਾਮ ਸ਼ਹੀਦਾਂ ਨੂੰ”ਨਾਮ ਦਾ ਇੱਕ ਨਾਟਕ ਵੀ ਪੇਸ਼ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜਾਦਿਆਂ ਦੇ ਜੀਵਨ ਨਾਮ ਸਬੰਧਿਤ ਬੱਚਿਆਂ ਵਿੱਚ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਜਗਮੀਤ ਕੌਰ ਐਲ.ਕੇ.ਜੀ. ਕਲਾਸ ਦੀ ਵਿਦਿਆਰਥਣ ਨੇ ਚਾਰ ਸਾਹਿਬਜਾਦਿਆਂ ਦੇ ਨਾਮ, ਹਰਸੀਰਤ ਕੌਰ ਨੇ ਪੰਜ ਪਿਆਰਿਆਂ ਦੇ ਨਾਮ ਅਤੇ ਅਭੀਜੋਤ ਸਿੰਘ ਨੇ 6 ਪੋਹ ਤੋ ਲੈ ਕੇ 13 ਪੋਹ ਤੱਕ ਵੱਖ–ਵੱਖ ਸ਼ਹੀਦੀ ਦਿਹਾੜਿਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਤੋ ਬਿਨਾਂ ਸਕੂਲ ਦੇ ਅਧਿਆਪਕਾਂ ਸੁਖਪਾਲ ਕੌਰ ਅਤੇ ਰਮਨਦੀਪ ਕੌਰ ਨੇ ਵੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਤੇ ਸੰਗਤੇ ਨੀ ਮੇਰਾ ਨਾਮ ਗੁਜਰੀ ਗੀਤ ਪੇਸ਼ ਕੀਤੇ। ਸਕੂਲ ਦੇ ਐਮ.ਡੀ. ਬਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੁਬੀਨਾ ਧੀਰ ਨੇ ਆਪਣੇ ਵਿਚਾਰਾਂ ਵਿੱਚ ਦਸਮੇਸ਼ ਗੁਰੂ ਸਹਿਬਾਨ ਦੀ ਲਾਸਾਨੀ ਸ਼ਹਾਦਤ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ।

