ਵਾਰਡ ਨੰਬਰ 4 ਤੋਂ ‘ਆਪ’ ਉਮੀਦਵਾਰ ਸਿਮਰਨਜੀਤ ਸਿੰਘ ਵਿਰਦੀ ਨੂੰ 640 ਵੋਟਾਂ ਮਿਲੀਆਂ
ਵਾਰਡ ਨੰ. 21 ਤੋਂ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਡਿਪਟੀ 160 ਵੋਟਾਂ ਦੇ ਫਰਕ ਨਾਲ ਰਹੇ ਜੇਤੂ
ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਅਤੇ 21 ਦੀਆਂ ਜਿਮਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਇਕ ਇਕ ਸੀਟ ਮਿਲੀ ਹੈ, ਜਦਕਿ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਬਾਦਲ ਦੀ ਨਮੋਸ਼ੀਜਨਕ ਹਾਰ ਹੋਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ 4 ਵਿੱਚ ਬੂਥ ਨੰਬਰ 7 ਅਤੇ 8 ਦੀਆਂ ਕੁੱਲ 2422 ਵੋਟਾਂ ਵਿੱਚੋਂ 1272 ਵੋਟਾਂ ਪੋਲ ਹੋਈਆਂ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਿਮਰਨਜੀਤ ਸਿੰਘ ਵਿਰਦੀ 640, ਕਾਂਗਰਸ ਦੇ ਕੁੰਦਨ ਲਾਲ ਸਰੋਹੀ 374, ਭਾਜਪਾ ਦੇ ਰਾਜਨ ਨਾਰੰਗ 81, ਆਜ਼ਾਦ ਉਮੀਦਵਾਰ ਸੂਰਜ ਭਾਨ ਨੂੰ 164 ਵੋਟਾਂ ਪਈਆਂ, ਜਦਕਿ ਇਸ ਵਾਰਡ ਦੇ ਵੋਟਰਾਂ ਨੇ 7 ਵੋਟਾਂ ‘ਨੋਟਾ’ ਵੀ ਪਾਈਆਂ। ਇਸ ਤਰਾਂ ‘ਆਪ’ ਉਮੀਦਵਾਰ ਸਿਮਰਨਜੀਤ ਸਿੰਘ ਕਾਂਗਰਸ ਨੂੰ 266 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ, ਜਦਕਿ ਵਾਰਡ ਨੰਬਰ 21 ਵਿਚਲੀਆਂ 2965 ਵਿੱਚੋਂ 1828 ਵੋਟਾਂ ਪੋਲ ਹੋਈਆਂ, ਕਾਂਗਰਸ ਪਾਰਟੀ ਦੇ ਜਸਵੀਰ ਸਿੰਘ ਡਿਪਟੀ ਨੂੰ 781, ਆਮ ਆਦਮੀ ਪਾਰਟੀ ਦੇ ਅਰਜਨ ਸਿੰਘ ਬੱਬੀ ਨੂੰ 621, ਭਾਜਪਾ ਦੇ ਸ਼ਮਸ਼ੇਰ ਸਿੰਘ ਭਾਨਾ ਨੂੰ 378, ਅਕਾਲੀ ਦਲ ਬਾਦਲ ਦੇ ਗੁਰਦਿੱਤ ਸਿੰਘ ਸਵਾਲੀ ਨੂੰ 36 ਅਤੇ ‘ਨੋਟਾ’ ਨੂੰ 12 ਵੋਟਾਂ ਪਈਆਂ। ਇਸ ਵਾਰਡ ਤੋਂ ਕਾਂਗਰਸ ਪਾਰਟੀ ਦੇ ਜਸਵੀਰ ਸਿੰਘ ਡਿਪਟੀ 160 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਤੋਂ ਜੇਤੂ ਰਹੇ। ਜਿਕਰਯੋਗ ਹੈ ਕਿ ਅਕਾਲੀ ਦਲ ਬਾਦਲ ਨੇ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਨੂੰ ਸਮਰਥਨ ਦਿੱਤਾ ਸੀ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ ਨੇ ਮੰਨਿਆ ਕਿ ਦੋਨਾਂ ਵਾਰਡਾਂ ਵਿੱਚ ਪੋਲਿੰਗ ਅਮਨ ਅਮਾਨ ਨਾਲ ਤੇ ਸ਼ਾਂਤੀਪੂਰਵਕ ਹੋਈ। ਉਹਨਾਂ ਵੋਟਰਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਭਾਈਚਾਰਕ ਸਾਂਝ ਬਰਕਰਾਰ ਰੱਖਣੀ ਜਰੂਰੀ ਹੁੰਦੀ ਹੈ। ਉਹਨਾਂ ਵਾਰਡ ਨੰਬਰ 4 ਤੋਂ ਜੇਤੂ ‘ਆਪ’ ਉਮੀਦਵਾਰ ਸਿਮਰਨਜੀਤ ਸਿੰਘ ਅਤੇ ਵਾਰਡ ਨੰਬਰ 21 ਤੋਂ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਡਿਪਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੋਣਾ ਵਿੱਚ ਜਿੱਤ ਤੇ ਹਾਰ ਹੁੰਦੀ ਰਹਿੰਦੀ ਹੈ ਪਰ ਨਵੇਂ ਬਣੇ ਕੌਂਸਲਰ ਨਿਰਪੱਖ ਹੋ ਕੇ ਆਪਣੇ ਵਾਰਡਾਂ ਦੇ ਲੋਕਾਂ ਦੀ ਸੇਵਾ ਕਰਨ।
