ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਯੁਵਕ ਸੇਵਾਵਾਂ ਕਲੱਬ ਪਿੰਡ ਨਾਨਕਸਰ ਵਲੋਂ ਪ੍ਰਧਾਨ ਗੁਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਪਿੰਡ ਦੀ ਬਾਬਾ ਜੀਵਨ ਸਿੰਘ ਧਰਮਸ਼ਾਲਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਲਾਏ ਗਏ ਖੂਨਦਾਨ ਕੈਂਪ ਵਿੱਚ 40 ਯੂਨਿਟ ਖੂਨ ਇਕੱਤਰ ਹੋਇਆ। ਕਲੱਬ ਦੇ ਆਗੂਆਂ ਸੁਖਜੀਤ ਸਿੰਘ, ਤਰਸੇਮ ਸਿੰਘ, ਜਗਮੀਤ ਸਿੰਘ, ਵਕੀਲ ਸਿੰਘ, ਨਿਰਮਲ ਸਿੰਘ ਅਤੇ ਸੋਨੀ ਸਿੰਘ ਆਦਿ ਨੇ ਦੱਸਿਆ ਕਿ ਪੀਬੀਜੀ ਵੈਲਫੇਅਰ ਕਲੱਬ ਦੇ ਚੇਅਰਮੈਨ ਬਲਜੀਤ ਸਿੰਘ ਖੀਵਾ, ਪ੍ਰਧਾਨ ਰਾਜੀਵ ਮਲਿਕ ਅਤੇ ਪ੍ਰੋਜੈਕਟ ਇੰਚਾਰਜ ਰਵੀ ਅਰੋੜਾ ਨੇ ਪਿੰਡ ਦੇ ਅਨੇਕਾਂ ਪਤਵੰਤਿਆਂ ਦੀ ਹਾਜਰੀ ਵਿੱਚ ਖੂਨਦਾਨੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਨਾਨਕਸਰ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਨੇ ਕਲੱਬ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਦਾਨੀ ਸੱਜਣਾ ਵਲੋਂ ਦਾਨ ਕੀਤਾ ਗਿਆ ਖੂਨ ਜਿੱਥੇ ਕਿਸੇ ਲੋੜਵੰਦ ਦੀ ਜਾਨ ਬਚਾਉਣ ਦੇ ਕੰਮ ਆਵੇਗਾ, ਉੱਥੇ ਇਸ ਤੋਂ ਹੋਰਨਾ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ।
