ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲ਼ੀਆ ਨੇ ਰੋਸ ਜਾਹਰ ਕਰਦਿਆਂ ਦੱਸਿਆ ਕਿ ਉਹ ਆਪਣੇ ਪੂਰੇ ਕਾਫ਼ਲੇ ਦੇ ਨਾਲ਼ ਜਗਜੀਤ ਸਿੰਘ ਡੱਲੇਵਾਲ਼ ਨੂੰ ਮਿਲਣ ਗਏ ਸਨ। ਗੋਲੇਵਾਲ਼ੀਆ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਜਗਜੀਤ ਸਿੰਘ ਡੱਲੇਵਾਲ਼ ਨੂੰ ਮਿਲਣ ਲਈ ਉਨ੍ਹਾਂ ਕੋਲ ਜਾਣਾ ਚਾਹਿਆ ਤਾਂ ਡੱਲੇਵਾਲ਼ ਦੇ ਲੀਡਰਾਂ ਨੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਕਿ ਤੁਸੀਂ ਡੱਲੇਵਾਲ਼ ਨੂੰ ਨਹੀਂ ਮਿਲ ਸਕਦੇ। ਬਿੰਦਰ ਗੋਲੇਵਾਲ਼ੀਆ ਨੇ ਕਿਹਾ ਕਿ ਉਹ 8 ਤੋਂ 10 ਗੱਡੀਆਂ ਲੈ ਕੇ ਖਨੌਰੀ ਬਾਰਡਰ ਗਏ ਸਨ ਤਾਂ ਉੱਥੇ ਪਹਿਲਾਂ ਤੋਂ ਹਾਜ਼ਰ ਇਕ ਵਿਅਕਤੀ ਨੇ ਸੰਯੁਕਤ ਕਿਸਾਨ ਮੋਰਚੇ ਬਾਰੇ ਕਾਫ਼ੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਕਿ ਸੰਯੁਕਤ ਕਿਸਾਨ ਮੋਰਚਾ ਜੇ ਡੱਲੇਵਾਲ਼ ਦਾ ਸਾਥ ਨਹੀਂ ਦੇ ਸਕਦਾ ਤਾਂ ਡੱਲੇਵਾਲ਼ ਦਾ ਸਾਥ ਨਾ ਦੇਣ ਵਾਲ਼ੇ ਚੂੜੀਆਂ ਪਾ ਲੈਣ ਅਤੇ ਉਹ ਆਪਣੇ ਆਪ ਨੂੰ ਮਰਦ ਨਹੀਂ ਕਹਾ ਸਕਦੇ। ਗੋਲੇਵਾਲ਼ਾ ਨੇ ਕਿਹਾ ਕਿ ਉਹ ਕਾਫ਼ੀ ਸਮਾਂ ਉਡੀਕ ਕੇ ਵਾਪਸ ਆ ਗਏ। ਅੱਗੇ ਬੋਲਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਕੱਲ੍ਹ ਵੀ ਕੌਮੀ ਕਿਸਾਨ ਯੂਨੀਅਨ ਦਾ ਜੱਥਾ ਬੱਸ ਭਰ ਕੇ ਉੱਥੇ ਪਹੁੰਚਿਆ ਪਰ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਉਨ੍ਹਾਂ ਨੂੰ ਸੂਬਾ ਪ੍ਰਧਾਨ ਹੋਣ ਦੇ ਨਾਤੇ ਡੱਲੇਵਾਲ਼ ਨੂੰ ਨਹੀਂ ਮਿਲਣ ਦਿੱਤਾ ਗਿਆ, ਜਿਸ ਨਾਲ਼ ਉਨ੍ਹਾਂ ਨੂੰ ਬੜੇ ਦੁੱਖ ਦੇ ਨਾਲ਼ ਫਿਰ ਤੋਂ ਬਿਨ੍ਹਾਂ ਮਿਲੇ ਵਾਪਸ ਆਉਣਾ ਪਿਆ।