ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਹੇਠ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯ”’ੋਗ ਨਾਲ ਸਰਕਾਰੀ ਹਾਈ ਸਕੂਲ ਪਿੰਡ ਔਲਖ ਵਿਖੇ ਵਾਤਾਵਰਣ ਦੀ ਜਾਗਰੂਕਤਾ ਲਈ ਕਰਵਾਏ ਗਏ ਸੈਮੀਨਾਰ ਦੌਰਾਨ ਜਥੇਬੰਦੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਕੋਟਕਪੂਰਾ ਨੇ ਵਾਤਾਵਰਣ ਦੇ ਪਲੀਤ ਹੋਣ ਦੇ ਕਾਰਨ ਅਤੇ ਉਸ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਅੰਕੜਿਆਂ ਸਹਿਤ ਦਲੀਲਾਂ ਦੇ ਕੇ ਵਿਸਥਾਰ ਸਹਿਤ ਸਮਝਾਇਆ। ਉਹਨਾਂ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਵਾਲੀਆਂ ਕਾਪੀਆਂ ਜਥੇਬੰਦੀ ਵਲੋਂ ਸਕੂਲਾਂ ਵਿੱਚ ਵੰਡਣ ਦਾ ਮਕਸਦ ਇਹੀ ਹੈ ਕਿ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਵਾਲੀ ਉਮਰ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਹਨਾਂ ਦੀ ਸੰਭਾਲ ਯਕੀਨੀ ਬਣਾਉਣ, ਪਾਣੀ ਦੀ ਬੱਚਤ ਕਰਨ, ਵਾਤਾਵਰਣ ਪਲੀਤ ਕਰਨ ਤੋਂ ਗੁਰੇਜ ਵਰਗੀਆਂ ਜਰੂਰੀ ਗੱਲਾਂ ਸਮਝਾਈਆਂ ਜਾ ਸਕਣ। ਉਹਨਾ ਇਕ ਦਰੱਖਤ ਤੋਂ ਹੋਣ ਵਾਲੇ ਲੱਖਾਂ ਰੁਪਏ ਦੇ ਫਾਇਦਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਆਖਿਆ ਕਿ ਜੇਕਰ ਅਸੀਂ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਆਕਸੀਜਨ ਦੇ ਇਕ ਇਕ ਕਰੋੜ ਰੁਪਏ ਦੀ ਕੀਮਤ ਦੇ ਵਿਕੇ ਸਿਲੰਡਰਾਂ ਦੇ ਬਾਵਜੂਦ ਵੀ ਦਰੱਖਤਾਂ ਦੀ ਮਹੱਤਤਾ ਨੂੰ ਨਾ ਸਮਝੇ ਤਾਂ ਸਾਨੂੰ ਇਸ ਤੋਂ ਵੱਧ ਕੁਦਰਤ ਵੀ ਹਲੂਣਾ ਨਹੀਂ ਦੇ ਸਕਦੀ। ਸਕੂਲ ਮੁਖੀ ਜਗਜੀਵਨ ਸਿੰਘ ਸਮੇਤ ਪ੍ਰੋ ਐੱਚ.ਐੱਸ. ਪਦਮ, ਅਮਰ ਸਿੰਘ ਮਠਾੜੂ, ਜਸਵਿੰਦਰ ਸਿੰਘ ਬਰਾੜ, ਮਾ ਸੋਮਨਾਥ ਅਰੋੜਾ, ਜਸਕਰਨ ਸਿੰਘ ਭੱਟੀ, ਸੁਨੀਲ ਕੁਮਾਰ ਬਿੱਟਾ ਗਰੋਵਰ, ਹਰਿੰਦਰਪਾਲ ਸਿੰਘ ਔਲਖ ਆਦਿ ਨੇ ਸੁਸਾਇਟੀ ਦੇ ਉਕਤ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ।