ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਗਰੇਟਰ ਅਤੇ ਕੋਟਕਪੂਰਾ ਵਿਸ਼ਵਾਸ਼ ਲਾਇਨਜ ਕਲੱਬ ਵੱਲੋਂ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜਾਦਿਆਂ ਅਤੇ ਅਨੇਕਾਂ ਸਿੰਘ/ਸਿੰਘਣੀਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਲਾਏ ਜਾ ਰਹੇ ਪ੍ਰੋਜੈਕਟਾਂ ਦੀ ਲੜੀ ਅਧੀਨ ਅੱਜ ਦੋਹਾਂ ਕਲੱਬਾਂ ਦੇ ਪ੍ਰਧਾਨਾਂ ਰਛਪਾਲ ਸਿੰਘ ਭੁੱਲਰ ਅਤੇ ਅਰੁਣ ਮਖੀਜਾ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਵਿਖੇ ਬਣੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਸੈਂਟਰ ਵਿੱਚ ਸਟੇਸ਼ਨਰੀ ਵੰਡੀ ਗਈ। ਪੀਆਰਓ ਸੁਨੀਲ ਕੁਮਾਰ ਗਰੋਵਰ (ਬਿੱਟਾ ਠੇਕੇਦਾਰ) ਮੁਤਾਬਿਕ ਰੀਜਨ ਚੇਅਰਮੈਨ ਸੁਰਿੰਦਰ ਸਿੰਘ ਅਤੇ ਰੀਜਨ ਐਡਮਨਿਸਟ੍ਰੇਟਰ ਰਜਿੰਦਰ ਸਿੰਘ ਸਰਾਂ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਸਰੀਰਕ ਜਾਂ ਮਾਨਸਿਕ ਕਮੀ ਕਾਰਨ ਵਿਸ਼ੇਸ਼ ਨਹੀਂ ਹਨ, ਸਗੋਂ ਇਸ ਤਰਾਂ ਦੀਆਂ ਕਮੀਆਂ ਦੇ ਬਾਵਜੂਦ ਵਿਲੱਖਣ ਪ੍ਰਤਿਭਾ ਦੇ ਮਾਲਕ ਹੋਣ ਕਾਰਨ ਵਿਸ਼ੇਸ਼ ਹਨ। ਉਹਨਾਂ ਕਿਹਾ ਕਿ ਇਨਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ਼ੀ ਬਣਾ ਕੇ ਸਾਧਾਰਨ ਬੱਚਿਆਂ ਵਾਂਗ ਜਿੰਦਗੀ ਜਿਉਣ ਦੇ ਸਮਰੱਥ ਬਣਾਉਣ ਵਾਲੇ ਅਧਿਆਪਕ ਕੇਵਲ ਨੌਕਰੀ ਹੀ ਨਹੀਂ ਕਰ ਰਹੇ ਸਗੋਂ ਸਮਾਜ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਰਵਿੰਦਰਪਾਲ ਕੋਛੜ ਮੁਤਾਬਿਕ ਦੋਹਾਂ ਕਲੱਬਾਂ ਵਲੋਂ ਇਸ ਸ਼ਹੀਦੀ ਹਫਤੇ ਦੌਰਾਨ ਹਰ ਰੋਜ ਵੱਖ-ਵੱਖ ਥਾਵਾਂ ’ਤੇ ਕਈ ਸਮਾਜਸੇਵਾ ਦੇ ਪ੍ਰੋਜੈਕਟ ਲਾਏ ਜਾ ਰਹੇ ਹਨ। ਇਸ ਉਪਰਾਲੇ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕੋਟਕਪੂਰਾ ਸੁਰਜੀਤ ਸਿੰਘ ਅਤੇ ਸੈਂਟਰ ਮੁਖੀ ਪਰਵੀਨ ਰਾਣੀ ਨੇ ਦੋਹਾਂ ਕਲੱਬਾਂ ਦਾ ਧੰਨਵਾਦ ਕੀਤਾ।
