ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਬਹਿਬਲ ਖੁਰਦ (ਨਿਆਮੀਵਾਲਾ) ਵਿਖੇ ਕਮਿਊਨਟੀ ਹਾਲ ਵਿੱਚ ਵਾਟਰ ਵਰਕਸ ਦਾ ਬਿੱਲ ਵਧਾਉਣ ’ਤੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ, ਜਿਸ ਵਿੱਚ ਪਿੰਡ ਦੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਹੋਏ। ਸੁਖਦੇਵ ਪੰਚ, ਆਲਮਦੀਪ ਨੰਬਰਦਾਰ, ਅਰਸ਼ਦੀਪ ਸਿੰਘ, ਜਗਸੀਰ ਮੈਂਬਰ, ਸੱਤਪਾਲ ਮੈਂਬਰ, ਨਵਦੀਪ ਸਿੰਘ ਆਦਿ ਨੇ ਦੱਸਿਆ ਕਿ ਵਾਟਰ ਵਰਕਸ ਦਾ ਦੋ ਮਹੀਨਿਆਂ ਦਾ ਬਿੱਲ ਪਹਿਲਾਂ 100 ਰੁਪਏ ਆਉਂਦਾ ਸੀ ਪਰ ਨਵੀ ਬਣੀ ਵਾਟਰ ਵਰਕਸ ਦੀ ਕਮੇਟੀ ਵੱਲੋ ਇਸ ਵਾਰ ਬਿੱਲ 150 ਰੁਪਏ ਭੇਜਿਆ ਗਿਆ, ਜਿਸ ਦਾ ਪੂਰੇ ਪਿੰਡ ਵੱਲੋਂ ਇਤਰਾਜ ਜਾਹਰ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਵਾਟਰ ਵਰਕਸ ਕਮੇਟੀ ਦੇ ਮੈਂਬਰ ਪੂਰੇ ਨਾ ਹੋਣ ਕਾਰਨ ਸ਼ਪੱਸ਼ਟੀਕਰਨ ਦਾ ਸਮਾਂ ਸ਼ਾਮ 4:00 ਵਜੇ ਦਾ ਰੱਖਿਆ ਜਾਵੇ। ਇਸ ਮੌਕੇ ਡਾ. ਸਤਨਾਮ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰਾਂ ਕਹਿੰਦੀਆਂ ਹਨ ਕਿ ਘਰ-ਘਰ ਪਾਣੀ ਪਹੁੰਚਾਉ ਤਾਂ ਕਿ ਕੋਈ ਗਰੀਬ, ਜਿਸ ਦੇ ਘਰ ਮੱਛੀ ਮੋਟਰ ਨਹੀਂ ਲੱਗੀ ਹੈ, ਉਹ ਪਾਣੀ ਤੋਂ ਬਿਨਾਂ ਪਿਆਸਾ ਨਾ ਰਹੇ ਪਰ ਕਮੇਟੀ ਨੇ ਪਾਣੀ ਦਾ ਬਿੱਲ 100 ਰੁਪਏ ਤੋਂ ਵਧਾ ਕੇ ਸਿੱਧਾ 150 ਰੁਪਏ ਕਰ ਦਿੱਤਾ। ਸਰਪੰਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਵਾਟਰ ਵਰਕਸ ਕਮੇਟੀ ਕੋਲ ਬਜਟ ਘੱਟ ਹੋਣ ਕਰਕੇ ਇੱਕ ਵਾਰ ਬਿੱਲ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦੋਂ ਵਾਟਰ ਵਰਕਸ ਬਜਟ ਠੀਕ ਹੋ ਜਾਵੇਗਾ ਤਾਂ ਫਿਰ ਜਲਦ ਹੀ ਬਿੱਲ ਵਿੱਚ ਕਟੋਤੀ ਕਰ ਦਿੱਤੀ ਜਾਵੇਗੀ, ਇਹ ਫ਼ੈਸਲਾ ਸਾਰੀ ਵਾਟਰ ਵਰਕਸ ਕਮੇਟੀ ਵੱਲੋਂ ਲਿਆ ਗਿਆ।

