ਫਰੀਦਕੋਟ 30 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਹੰਗਾਮੀ ਮੀਟਿੰਗ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਨਹਿਰ ਨਜ਼ਾਰਾ ਵਿਖੇ ਹੋਈ ਜਿਸ ਵਿੱਚ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ, ਇਕਬਾਲ ਘਾਰੂ, ਮੀਤ ਪ੍ਰਧਾਨ ਕੇਂਦਰੀ ਲੇਖਕ ਸਭਾ ( ਸੇਖੋਂ) , ਸੁਰਿੰਦਰਪਾਲ ਸ਼ਰਮਾ ਭਲੂਰ ਜਨਰਲ ਸਕੱਤਰ, ਵਤਨਵੀਰ ਜ਼ਖਮੀ, ਇੰਜੀਨੀਅਰ ਦਰਸ਼ਨ ਰੋਮਾਣਾ ਨੇ ਭਾਗ ਲਿਆ। ਸਭਾ ਵੱਲੋਂ ਭਾਰਤ ਦੇ ਭੂਤਪੂਰਵ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਘਾਲਣਾਵਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ: ਮਨਮੋਹਨ ਸਿੰਘ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਸਨ , ਉਹ ਇੱਕ ਉੱਚ ਕੋਟੀ ਦੇ ਨੇਤਾ ਹੋਣ ਤੋਂ ਇਲਾਵਾ ਇੱਕ ਨਿਪੁੰਨ ਅਰਥ-ਸ਼ਾਸਤਰੀ , ਨੇਕ ਦਿਲੀ ਤੇ ਹਲੀਮੀ ਦੇ ਮੁਜੱਸਮੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਹੁੰਦਿਆਂ ਸਾਰੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਪਹੁੰਚਾਇਆ। ਉਹ ਸੰਗੀਤ ਤੇ ਸ਼ਾਇਰੋ ਸ਼ਾਇਰੀ ਵਿੱਚ ਵੀ ਦਿਲਚਸਪੀ ਰੱਖਦੇ ਸਨ ਉਨ੍ਹਾਂ ਦੀ ਪਾਰਲੀਮੈਂਟ ਵਿੱਚ ਸੁਣੀ ਸਪੀਚ ਤੇ ਸ਼ਾਇਰੋ ਸ਼ਾਇਰੀ ਇਸ ਗੱਲ ਦਾ ਸਬੂਤ ਹੈ। ਸੋ ਅਜਿਹੇ ਕਾਬਿਲ ਅਤੇ ਨੇਕ ਦਿਲ ਇਨਸਾਨ ਦੇ ਦੁਨੀਆਂ ਤੋਂ ਚਲੇ ਜਾਣ ਨਾਲ ਭਾਰਤ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਲੇਕਿਨ ਉਨ੍ਹਾਂ ਨੂੰ ਚਾਹੁਣ ਵਾਲੇ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਵਾਂਝੇ ਹੋ ਗਏ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸਮੇਂ ਦੀ ਹਕੂਮਤ ਨੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਮੁੱਲ ਨਹੀਂ ਪਾਇਆ ਜੋ ਅਤਿ ਨਿੰਦਣਯੋਗ ਹੈ। ਸਮੇਂ ਹਕੂਮਤ ਦਾ ਇਹ ਵਰਤਾਰਾ ਭੁਲਾਇਆ ਨਹੀਂ ਜਾ ਸਕਦਾ। ਉਪਰੰਤ ਸਭਾ ਵੱਲੋਂ ਕੁਝ ਹੋਰ ਸ਼ੋਕ ਮਤੇ ਵੀ ਪਾਏ ਗਏ ਜਿਨ੍ਹਾਂ ਵਿੱਚ ਪੰਜਾਬੀ ਸਾਹਿਤਕ ਮੈਗਜ਼ੀਨ “ਹੁਣ” ਦੇ ਸੰਪਾਦਕ, ਉੱਘੇ ਕਵੀ ਤੇ ਸਾਹਿਤਕਾਰ ਸੁਸ਼ੀਲ ਦੋਸਾਂਝ ਮਾਤਾ ਜੀ ਅਤੇ ਬੁੱਧੀਜੀਵੀ ਕਾਮਰੇਡ ਅਵਤਾਰ ਸਿੰਘ ਗੌਦਾਂਰਾ ਪਿੰਡ ( ਗੌਦਾਂਰਾ ) ਜ਼ਿਲ੍ਹਾ ਫਰੀਦਕੋਟ ਜਿਨ੍ਹਾਂ ਦਾ ਇਸ ਸਮੇਂ ਬਾਹਰਲੇ ਦੇਸ਼ ਵਿੱਚ ਰੈਣ ਬਸੇਰਾ ਹੈ ਦੀ ਮਾਤਾ ਜੀ ਦੇ ਅਕਾਲ ਚਲਾਣੇ ਤੇ ਵੀ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਮਾਤਾ ਜੀ ਦੀਆਂ ਅਸਥੀਆਂ ਆਪਣੇ ਪਿੰਡ ਆਪਣੇ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਸਪੁਰਦ-ਏ- ਖ਼ਾਕ ਕਰਕੇ ਆਪਣੇ ਮਾਤਾ ਜੀ ਦੀ ਅੰਤਿਮ ਇੱਛਾ ਨੂੰ ਪੂਰਾ ਕੀਤਾ।
