ਕੋਟਕਪੂਰਾ, 01 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਤਾਰ ਮੇਰੀ ਆਣ-ਬਾਣ ਅਤੇ ਸ਼ਾਨ ਹੈ, ਸਾਬਿਤ ਸੂਰਤ ਦਸਤਾਰ ਸਿਰਾ, ਵਰਗੇ ਨਾਹਰਿਆਂ ਅਤੇ ਜੈਕਾਰਿਆਂ ਨਾਲ ਨੇੜਲੇ ਪਿੰਡ ਕੋਠੇ ਵੜਿੰਗ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵਲੋਂ ਅੱਜ ਇਕ ਹਫਤੇ ਦਾ ‘ਦਸਤਾਰ ਸਿਖਲਾਈ ਕੈਂਪ’ ਸ਼ੁਰੂ ਕੀਤਾ ਗਿਆ ਤਾਂ ਉੱਥੇ ਹਾਜਰ ਬੱਚਿਆਂ ਤੇ ਨੌਜਵਾਨਾ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਚਾਰਕਾਂ ਤੋਂ ਇਲਾਵਾ ਪਿੰਡ ਕੋਠੇ ਵੜਿੰਗ ਦੇ ਜਾਗਰੂਕ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਦਸਤਾਰ ਦੇ ਸਤਿਕਾਰ ਲਈ ਸਾਡੇ ਪੁਰਖਿਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਪਰ ਅੱਜ ਦੇ ਨੌਜਵਾਨ ਵਲੋਂ ਜਿਸ ਤਰਾਂ ਬਾਲੀਵੁੱਡ, ਹਾਲੀਵੁੱਡ ਜਾਂ ਪੱਛਮੀ ਦੇਸ਼ਾਂ ਦੇ ਪ੍ਰਭਾਵ ਵਿੱਚ ਆ ਕੇ ਦਸਤਾਰ ਨੂੰ ਤਿਲਾਂਜ਼ਲੀ ਦਿੱਤੀ ਜਾ ਰਹੀ ਹੈ, ਉਹ ਸ਼ੁੱਭ ਸੰਕੇਤ ਨਹੀਂ। ਦਸਤਾਰ ਕੋਚ ਵੀਰ ਗਗਨਦੀਪ ਸਿੰਘ ਮੁਤਾਬਿਕ ਉਕਤ ਦਸਤਾਰ ਸਿਖਲਾਈ ਕੈਂਪ ਪਿੰਡ ਕੋਠੇ ਵੜਿੰਗ ਵਿੱਚ ਰੋਜਾਨਾ ਸਵੇਰੇ 9:00 ਵਜੇ ਤੋਂ 11:00 ਵਜੇ ਤੱਕ ਲਗਾਤਾਰ ਦੋ ਘੰਟੇ ਲੱਗੇਗਾ, ਜਿਸ ਵਿੱਚ ਕਿਸੇ ਵੀ ਉਮਰ ਦੇ ਦਸਤਾਰ ਸਿੱਖਣ ਦੇ ਚਾਹਵਾਨ ਵੀਰ ਲਾਹਾ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਦਸਤਾਰ ਵਾਲੇ ਸਿੱਖਾਂ ਦੀਆਂ ਗੈਰਾਂ ਲਈ ਕੀਤੀਆਂ ਕੁਰਬਾਨੀਆਂ ਦਾ ਇਤਿਹਾਸ ਭਰਿਆ ਪਿਆ ਹੈ ਪਰ ਅੱਜ ਗਾਇਕਾਂ ਵਲੋਂ ‘ਆ ਗਏ ਪੱਗਾਂ ਪੋਚਵੀਆਂ ਵਾਲੇ’ ਵਰਗੇ ਗੀਤ ਗਾ ਕੇ ਦਸਤਾਰ ਦੀ ਮਹੱਤਤਾ ਨੂੰ ਖੋਰਾ ਲਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਜਵਾਬ ਦੇਣ ਲਈ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਵਸਨੀਕ ਜਾਗਰੂਕ ਵੀਰ-ਭੈਣਾ ਇਸ ਤਰਾਂ ਦੇ ਦਸਤਾਰ ਸਿਖਲਾਈ ਕੈਂਪ ਲਾ ਕੇ ਉਸਾਰੂ ਨਤੀਜੇ ਕੱਢ ਰਹੀੇ ਹਨ। ਉਹਨਾਂ ਦੱਸਿਆ ਕਿ ਉਕਤ ਕੈਂਪ ਵਿੱਚ ਪਿੰਡ ਕੋਠੇ ਵੜਿੰਗ ਦੇ ਗੁਰਮੇਲ ਸਿੰਘ ਫੌਜੀ, ਬਲਜਿੰਦਰ ਸਿੰਘ ਵੜਿੰਗ, ਪਰਮਵੀਰ ਸਿੰਘ, ਜਗਸੀਰ ਸਿੰਘ, ਧਰਮਿੰਦਰ ਸਿੰਘ, ਮਨਮੋਹਨ ਸਿੰਘ ਅਤੇ ਮਾ. ਜਸਵੰਤ ਸਿੰਘ ਆਦਿ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ।
