ਕਲੱਬ ਦੀਆਂ ਲੋਕ ਪੱਖੀ ਗਤੀਵਿਧੀਆਂ ਨੂੰ ਦੇਖਦੇ ਪੱਤਰਕਾਰਾਂ ਦਾ ਸ਼ਾਮਿਲ ਹੋਣਾ ਲਗਾਤਾਰ ਜ਼ਾਰੀ
ਬਠਿੰਡਾ, 7 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼ )
ਪੱਤਰਕਾਰਾਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਗਠਿਤ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ ਬਠਿੰਡਾ ਸਥਿਤ ਟੀਚਰਜ਼ ਹੋਮ ਵਿਖੇ ਪ੍ਰਧਾਨ ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜਿੱਥੇ ਕਈ ਸਮਾਜਿਕ ਮੁੱਦੇ ਵਿਚਾਰੇ ਗਏ ਉਥੇ ਹੀ ਕਲੱਬ ਵੱਲੋਂ ਅਗਲੇ ਦਿਨਾਂ ਵਿੱਚ ਕੀਤੇ ਜਾਣ ਵਾਲ਼ੇ ਸਮਾਜ ਭਲਾਈ ਕਾਰਜਾਂ ਨੂੰ ਜਿੱਥੇ ਵਿਚਾਰਿਆ ਗਿਆ ਉੱਥੇ ਹੀ ਇਹਨਾ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਰੂਪ ਰੇਖਾ ਵੀ ਉਲੀਕੀ ਗਈ। ਇਸਦੇ ਨਾਲ਼ ਹੀ ਇਸ ਮੀਟਿੰਗ ਚ ਉਚੇਚੇ ਤੌਰ ਤੇ ਪੁੱਜੇ ਸੀਨੀਅਰ ਪੱਤਰਕਾਰ ਸੱਤਪਾਲ ਮਾਨ ਨੇ ਕਲੱਬ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਲੱਬ ਵਿੱਚ ਸ਼ਮੂਲੀਅਤ ਕੀਤੀ । ਇਸ ਮੀਟਿੰਗ ਚ ਪਹੁੰਚੇ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੇ ਅਹੁਦੇਦਾਰਾਂ ਜਿਹਨਾਂ ਵਿੱਚ ਸਰਪ੍ਰਸਤ ਜਸਕਰਨ ਸਿੰਘ ਸਿਵੀਆਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ, ਸਲਾਹਕਾਰ ਰਾਜਕੁਮਾਰ, ਜਸ਼ਨਜੀਤ ਸਿੰਘ, ਗੁਰਪ੍ਰੀਤ ਗੋਪੀ ਜੀਰੇਵਾਲਾ ਅਹੁਦੇਦਾਰਾਂ ਤੋਂ ਇਲਾਵਾ ਕੁੱਝ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗ ਚ ਸ਼ਾਮਿਲ ਨਾ ਹੋ ਸਕੇ ਕਲੱਬ ਦੇ ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਖਾਲਸਾ, ਗੁਰਸੇਵਕ ਸਿੰਘ ਚੁੱਘੇ ਖੁਰਦ, ਨਸੀਬ ਚੰਦ ਸ਼ਰਮਾ ਅਤੇ ਰਾਜਦੀਪ ਜੋਸ਼ੀ ਆਦਿ ਪੱਤਰਕਾਰਾਂ ਨੇ ਸਮਾਜ ਭਲਾਈ ਹਿਤ ਚ ਲੈਣ ਵਾਲ਼ੇ ਸਾਰੇ ਮੁੱਦਿਆਂ ਸਬੰਧੀ ਫ਼ੋਨ ਤੇ ਆਪਣੀ ਸਹਿਮਤੀ ਦਿੱਤੀ।
ਦੱਸ ਦੇਈਏ ਕਿ ਲੋਕ ਮੁੱਦਿਆਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਅਤੇ ਸਾਫ ਸੁਥਰੀ ਪੱਤਰਕਾਰੀ ਲਈ ਉੱਭਰ ਰਿਹਾ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਅੱਜ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਇਹ ਕਲੱਬ ਲੋਕ ਹਿਤ ਮੁੱਦਿਆਂ ਨੂੰ ਚੁੱਕਣ ਦੀ ਆਪਣੀ ਨੈਤਿਕ ਜਿੰਮੇਵਾਰੀ ਦੇ ਨਾਲ ਨਾਲ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਸਮਾਜ ਭਲਾਈ ਦੇ ਕੰਮਾਂ ਚ ਵੀ ਮੋਹਰੀ ਰੋਲ ਅਦਾ ਕਰ ਰਿਹਾ ਹੈ। ਆਪਣੀ ਇਸੇ ਰਵਾਇਤ ਮੁਤਾਬਕ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਕਈ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਚ ਸਹਿਯੋਗ ਕਰਨ ਦੇ ਨਾਲ ਦਰਜ਼ਨ ਦੇ ਲੱਗਭੱਗ ਮੁਫ਼ਤ ਮੈਡੀਕਲ ਕੈਂਪ ਲਗਾ ਚੁੱਕਿਆ ਹੈ ਅਤੇ ਇਸਦੇ ਨਾਲ ਹੀ ਦਿਨ ਪ੍ਰਤੀਦਿਨ ਗੰਧਲੇ ਹੋ ਚੁੱਕੇ ਵਾਤਾਵਰਣ ਪ੍ਰਤੀ ਸੁਹਿਰਦ ਹੋਣ ਦਾ ਸਬੂਤ ਦਿੰਦੇ ਹੋਏ ਬਠਿੰਡਾ ਅਤੇ ਨਾਲ ਲਗਦੇ ਦਰਜਨਾਂ ਪਿੰਡਾਂ ਚ ਨਾ ਸਿਰਫ਼ ਪੇੜ ਪੌਦੇ ਲਗਾ ਹੀ ਚੁੱਕਿਆ ਹੈ ਬਲਕਿ ਬੱਚਿਆਂ ਵਾਂਗ ਉਹਨਾਂ ਦਾ ਨਿਰੰਤਰ ਪਾਲਣ ਪੋਸ਼ਣ ਵੀ ਕਰਦਾ ਆ ਰਿਹਾ ਹੈ।
