ਦੋਸ਼ੀਆਂ ਪਾਸੋ 4 ਅਸਲੇ, 62 ਰੌਦ, 2 ਲੱਖ 7 ਹਜਾਰ ਰੁਪਏ ਅਤੇ 3 ਗੱਡੀਆਂ ਬਰਾਮਦ
ਸਾਰੇ ਦੋਸ਼ੀ ਪਹਿਲਾਂ ਵੀ ਪੁਲਿਸ ਨੂੰ ਸੰਗਠਿਤ ਅਪਰਾਧ ਮਾਮਲੇ ਵਿੱਚ ਸਨ ਲੋੜੀਂਦੇ, ਹੁਣ ਤੱਕ ਕੁੱਲ 8 ਮੁਲਜਮ ਕੀਤੇ ਜਾ ਚੁੱਕੇ ਹਨ ਗ੍ਰਿਫਤਾਰ : ਐੱਸ.ਐੱਸ.ਪੀ.
ਫਰੀਦਕੋਟ, 10 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਨੂੰ ਸੰਗਠਿਤ ਅਪਰਾਧ ਤੋਂ ਮੁਕਤ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ, ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਅਸ਼ਵਨੀ ਕਪੂਰ ਡੀ.ਆਈ.ਜੀ. ਫਰੀਦਕੋਟ ਰੇਂਜ ਦੀ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਨੇ ਬੰਬੀਹਾ ਗੈਂਗ ਨਾਲ ਸਬੰਧਤ-ਏ-ਕੈਟਾਗਿਰੀ ਗੈਂਗਸਟਰ ਹਰਸਿਮਰਨਜੀਤ ਉਰਫ ਸਿੰਮਾ ਬਹਿਬਲ ਜਿਸ ਉੱਪਰ ਕਤਲ, ਨਸ਼ੇ, ਚੋਰੀ, ਖੋਹ ਅਤੇ ਅਸਲੇ ਐਕਟ ਤਹਿਤ ਕਰੀਬ 26 ਮੁਕੱਦਮੇ ਦਰਜ ਰਜਿਸਟਰ ਹਨ, ਉਸਦੇ 8 ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ. ਫਰੀਦਕੋਟ ਨੇ ਦੱਸਿਆ ਕਿ ਗੈਂਗਸਟਰ ਹਰਸਿਮਰਨਜੀਤ ਉਰਫ ਸਿੰਮਾ ਬਹਿਬਲ ਦੇ ਇੱਕ ਸਾਥੀ ਹਰਪ੍ਰੀਤ ਸਿੰਘ ਉਰਫ ਹੈਪੀ ਗੋਦਾਰਾ ਪੁੱਤਰ ਸ਼ਿਕੰਦਰ ਸਿੰਘ ਵਾਸੀ ਬਰਗਾੜੀ ਨੂੰ ਮਿਤੀ 05.01.2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਉਪਰੰਤ ਹਿਊਮਨ ਇੰਟੈਲੀਜੈਸ ਅਤੇ ਟੈਕਨੀਕਲ ਇੰਨਪੁੱਟ ਦੇ ਆਧਾਰ ’ਤੇ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਸਿਮਰਨਜੀਤ ਉਰਫ ਸਿੰਮਾ ਬਹਿਬਲ ਉਸਦੇ ਸਾਥੀ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਹੇ ਹਨ। ਜਿਸ ’ਤੇ ਸੀ.ਆਈ.ਏ. ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਵੱਲੋਂ ਬੀੜ ਸਿੱਖਾ ਵਾਲਾ ਨਜਦੀਕ ਨਾਕਾ ਲਾਇਆ ਹੋਇਆ ਸੀ ਤਾਂ ਇੱਕ ਫਾਰਚੂਨਰ ਗੱਡੀ ਨਾਕਾ ਪੁਆਇੰਟ ਵੱਲ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵਿੱਚ ਸਵਾਰਾਂ ਨੇ ਪੁਲਿਸ ਟੀਮ ’ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਸਰਕਾਰੀ ਗੱਡੀ ਉੱਪਰ ਵੀ 3 ਫਾਇਰ ਕਰਦੇ ਹੋਏ ਸ਼ੱਕੀ ਵਿਅਕਤੀਆਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਤੁਰਤ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਆਤਮ ਰੱਖਿਆ ਵਿੱਚ ਫਾਇਰਿੰਗ ਕੀਤੀ, ਜਿਸ ਦੌਰਾਨ ਗੱਡੀ ਵਿੱਚ ਸਵਾਰ ਦੋਨੋ ਵਿਅਕਤੀ ਜਖਮੀ ਹੋ ਗਏ। ਜਿੰਨਾਂ ਨੂੰ ਇਲਾਜ ਲਈ ਤੁਰਤ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਸੁਖਜੀਤ ਸਿੰਘ ਉਰਫ ਸੁੱਖ ਰੋਮਾਣਾ ਉਰਫ ਕਾਲਾ ਪੁੱਤਰ ਬਲਜੀਤ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਅਤੇ ਹਰਮਨਦੀਪ ਸਿੰਘ ਉਰਫ ਰੂਸ਼ਾ ਪੁੱਤਰ ਜੋਰਾ ਸਿੰਘ ਵਾਸੀ ਬਹਿਬਲ ਕਲਾ ਵਜੋ ਹੋਈ ਹੈ। ਪੁਲਿਸ ਟੀਮਾਂ ਨੇ ਇਹਨਾਂ ਤੋ ਇੱਕ ਦੇਸੀ ਕੱਟਾ 315 ਬੋਰ ਅਤੇ ਇੱਕ ਪਿਸਟਲ 32 ਬੋਰ ਅਤੇ 06 ਰੌਦ ਬਰਾਮਦ ਕੀਤੇ ਹਨ ਅਤੇ ਫਾਰਚੂਨਰ ਗੱਡੀ ਨੂੰ ਵੀ ਜਬਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ 8 ਜਨਵਰੀ 2025 ਨੂੰ ਇਹਨਾਂ ਦੇ 2 ਹੋਰ ਸਾਥੀਆਂ ਲਵਦੀਪ ਸਿੰਘ ਉਰਫ ਲਵਲਾ ਪੁੱਤਰ ਜਗਤਾਰ ਸਿੰਘ ਵਾਸੀ ਬਹਿਬਲ ਕਲਾ ਅਤੇ ਗੁਰਪ੍ਰੀਤ ਸਿੰਘ ਉਰਫ ਵੈਲੀ ਪੁੱਤਰ ਗੁਰਦੀਪ ਸਿੰਘ ਵਾਸੀ ਬਹਿਬਲ ਕਲਾ ਨੂੰ 32 ਬੋਰ ਪਿਸਟਲ ਅਤੇ 03 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹਨਾਂ ਦੇ 03 ਸਾਥੀਆਂ ਜਸਕਰਨ ਸਿੰਘ ਉਰਫ ਵਿੱਕੀ ਪੁੱਤਰ ਸੁਰਜੀਤ ਸਿੰਘ ਵਾਸੀ ਬਹਿਬਲ ਕਲਾਂ, ਅਕਾਸ਼ਦੀਪ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਨਾਨਕਸਰ, ਜਿਲਾ ਫਰੀਦਕੋਟ ਨੂੰ ਪਹਿਲਾਂ ਹੀ ਮਿਤੀ 28.09.2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪਵਨਦੀਪ ਸਿੰਘ ਉਰਫ ਪਵਨਾ ਪੁੱਤਰ ਬੱਗਾ ਸਿੰਘ ਵਾਸੀ ਬਰਗਾੜੀ ਨੂੰ ਮਿਤੀ 12.11.2024 ਨੂੰਗ੍ਰਫਤਾਰ ਕੀਤਾ ਜਾ ਚੁੱਕਾ ਹੈ। ਉਸ ਸਮੇਂ ਇਹਨਾਂ ਪਾਸੋ 10 ਜਿੰਦਾ ਕਾਰਤੂਸ 30 ਬੋਰ, 25 ਜਿੰਦਾ ਕਾਰਤੂਸ 32 ਬੋਰ, ਇੱਕ ਤਲਵਾਰ, ਇੱਕ ਰਾਈਫਲ 12 ਬੋਰ ਪੰਪ ਐਕਸ਼ਨ, ਕੁੱਲ 18 ਰੌਦ ਜਿੰਦਾ 12 ਬੋਰ, 2 ਲੱਖ 7 ਹਜਾਰ ਰੁਪਏ ਬਰਾਮਦਗੀ ਕੀਤੀ ਗਈ ਸੀ। ਇਸ ਉਪਰੰਤ ਮਿਤੀ 30.09.2024 ਨੂੰ ਉਕਤ ਮੁਕੱਦਮੇ ਵਿੱਚ 2 ਗੱਡੀਆਂ ਵੀ ਬਰਾਮਦ ਕੀਤੀਆਂ ਗਈਆ ਸਨ। ਐਸ.ਐਸ.ਪੀ ਫਰੀਦਕੋਟ ਵੱਲੋਂ ਦੱਸਿਆ ਗਿਆ ਕਿ ਗੈਂਗਸਟਰ ਹਰਸਿਮਰਨਜੀਤ ਉਰਫ ਸਿੰਮਾ ਅਤੇ ਉਸਦੇ ਇਹ ਸਾਥੀ ਆਪਣੇ ਨਾਲ ਅਸਲਾ ਲੈ ਕੇ ਚੱਲਦੇ ਸਨ, ਜਿਹੜਾ ਕਿ ਇਹਨਾਂ ਦੇ ਨਾਮ ਪਰ ਰਜਿਸਟਰ ਵੀ ਨਹੀ ਸੀ। ਇਸ ਤੋ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਆਮ ਪਬਲਿਕ ਦੇ ਲਾਇੰਸੰਸੀ ਹਥਿਆਰਾ ਦੀ ਵਰਤੋ ਨਜਾਇਜ ਗਤੀਵਿਧੀਆਂ ਵਿੱਚ ਕਰਦੇ ਸਨ।

