ਲੁਧਿਆਣਾ 13 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਅਧੀਨ ਕਾਰਜਸ਼ੀਲ ਮਿਲਕਫੈੱਡ ਤਹਿਤ ਚਲ ਰਹੇ ਮਿਲਕ ਪਲਾਂਟ ਲੁਧਿਆਣਾ ਨੇ ਲੋਹੜੀ ਦੇ ਵਿਸ਼ੇਸ਼ ਤਿਉਹਾਰ ਤੇ ਦੁੱਧ ਅਤੇ ਦੁੱਧ ਪਦਾਰਥਾਂ ਦੇ ਗਾਹਕਾਂ ਲਈ ਸ਼ੂਗਰ ਫਰੀ ਦੁੱਧ ਪਦਾਰਥ ਲਾਂਚ ਕੀਤੇ। ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਅਜ 13 ਜਨਵਰੀ ਨੂੰ “ਲੋਹੜੀ ਦੇ ਰੰਗ- ਵੇਰਕਾ ਸ਼ੂਗਰ ਫਰੀ ਮਿਠਾਸ ਦੇ ਸੰਗ” ਦੇ ਬੈਨਰ ਹੇਠ ਆਯੋਜਿਤ ਸਮਾਗਮ ਦੌਰਾਨ ਗਾਹਕਾਂ ਲਈ ਵੇਰਕਾ ਦੇ ਸ਼ੂਗਰ ਫਰੀ ਦੁੱਧ ਉਤਪਾਦ ਖੀਰ ਅਤੇ ਮਿਲਕ ਕੇਕ ਪੇਸ਼ ਕੀਤੇ ਗਏ। ਇਸ ਮੌਕੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੁਆਰਾ ਤਿਆਰ ਕੀਤਾ ਗਿਆ ਚਿੱਟਾ ਮੱਖਣ ਵਾਈਟ ਬਟਰ ਵੀ ਲਾਂਚ ਕੀਤਾ ਗਿਆ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਦੱਸਿਆ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੁੱਧ ਉਤਪਾਦਕ ਕਿਸਾਨਾਂ ਤੇ ਦੁੱਧ ਪਦਾਰਥਾਂ ਦੇ ਗਾਹਕਾਂ ਦੀ ਬੇਹਤਰੀ ਲਈ ਹਮੇਸ਼ਾਂ ਯਤਨਸ਼ੀਲ ਹੈ। ਉਹਨਾਂ ਦੱਸਿਆ ਕਿ ਖੰਡ ਤੋੰ ਪ੍ਰਹੇਜ ਰੱਖਣ ਵਾਲੇ ਦੁੱਧ ਪਦਾਰਥਾਂ ਦੇ ਗਾਹਕ ਹੁਣ ਖੰਡ ਮੁਕਤ ਭਾਵ ਸ਼ੂਗਰ ਫਰੀ ਦੁੱਧ ਪਦਾਰਥਾਂ ਦੇ ਸਵਾਦ ਦਾ ਅਨੰਦ ਮਾਣ ਸਕਣਗੇ ਕਿਉਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਸ਼ੂਗਰ ਫਰੀ ਯਾਨੀ ਖੰਡ ਮੁਕਤ ਦੁੱਧ ਪਦਾਰਥਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ।
ਡਾ ਭਦੌੜ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੇ ਅਦਾਰੇ ਮਿਲਕਫੈੱਡ ਵੇਰਕਾ ਦੀ ਤਰੱਕੀ ਲਈ ਵਚਨਬੱਧ ਹੈ। ਪੰਜਾਬ ਦੀ ਅਬਾਦੀ ਦਾ ਬਹੁਤ ਵੱਡਾ ਹਿੱਸਾ ਸ਼ੂਗਰ ਵਰਗੀ ਬਿਮਾਰੀ ਨਾਲ ਪੀੜਤ ਹੋਣ ਕਾਰਨ ਦੁੱਧ ਪਦਾਰਥਾਂ ਦੀ ਮਿਠਾਸ ਤੋੰ ਵਾਂਝਿਆਂ ਰਹਿ ਜਾਂਦਾ ਹੈ । ਇਸ ਸੰਬੰਧ ਵਿੱਚ ਫੈਸਲਾ ਲੈਂਦਿਆ ਵੇਰਕਾ ਨੇ ਸ਼ੂਗਰ ਫਰੀ ਦੁੱਧ ਉਤਪਾਦਾਂ ਦੇ ਉਤਪਾਦਨ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਮਿਲਕ ਪਲਾਂਟ ਦੇ ਚੇਅਰਮੈਨ ਸ ਹਰਮਿੰਦਰ ਸਿੰਘ ਰਾਏ ਨੇ ਦੱਸਿਆ ਕਿ ਸਮਾਗਮ ਦੌਰਾਨ ਨਵ ਜਨਮੇ ਬਚਿਆ ਦੀ ਲੋਹੜੀ ਪਾਈ ਗਈ। ਇਸ ਮੌਕੇ ਮਿਲਕ ਪਲਾਂਟ ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰ ਸ ਪਿਆਰਾ ਸਿੰਘ, ਸ ਗੁਰਬਖਸ਼ ਸਿੰਘ, ਸ਼੍ਰੀ ਮਤੀ ਪਰਮਿੰਦਰ ਕੌਰ, ਸ ਰਛਪਾਲ ਸਿੰਘ, ਸ ਸੁਖਪਾਲ ਸਿੰਘ, ਸ ਤਜਿੰਦਰ ਸਿੰਘ, ਸ ਮੇਜਰ ਸਿੰਘ, ਅਤੇ ਸ ਗੁਰਦੇਵ ਸਿੰਘ ਤੋਂ ਇਲਾਵਾ ਮਿਲਕ ਪਲਾਂਟ ਲੁਧਿਆਣਾ ਦੇ ਸਮੂਹ ਅਫ਼ਸਰ ਸਹਿਬਾਨ ਵੀ ਹਾਜ਼ਰ ਸਨ।