ਅਧਿਆਪਕ, ਮੁਲਾਜ਼ਮ ਅਤੇ ਪੈਨਸ਼ਨਰ ਲਹਿਰ ਦੇ ਸਿਰਮੌਰ ਆਗੂ ਕਾਮਰੇਡ ਰਣਬੀਰ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਕੀਤਾ ਗਿਆ ਸਮਰਪਿਤ
ਕੋਟਕਪੂਰਾ, 14 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪਿਛਲੇ ਦਿਨੀ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਪੁਰਾਣਾ ਕਿਲਾ ਵਿਖੇ ਅਧਿਆਪਕ, ਮੁਲਾਜ਼ਮ ਅਤੇ ਪੈਨਸ਼ਨਰ ਲਹਿਰ ਦੇ ਸਿਰਮੌਰ ਆਗੂ ਕਾਮਰੇਡ ਰਣਬੀਰ ਸਿੰਘ ਢਿੱਲੋਂ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਕੇ ਨਵਾਂ ਸਾਲ 2025 ਦਾ ਕੈਲੰਡਰ ਜਾਰੀ ਕੀਤਾ ਗਿਆ। ਇਹ ਕੈਲੰਡਰ ਜਾਰੀ ਕਰਨ ਦੀ ਰਸਮ ਜਥੇਬੰਦੀ ਦੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ, ਜਿਲਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਹਿਦੇਵ, ਗੁਰਿੰਦਰ ਸਿੰਘ ਮਣੀ, ਸੋਹਣ ਸਿੰਘ ਪੱਖੀ, ਮਹੇਸ਼ ਕੁਮਾਰ ਜੈਨ, ਧਰਮਿੰਦਰ ਸਿੰਘ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਜਿਲਾ ਫਰੀਦਕੋਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ ਅਤੇ ਵਿੱਤ ਸਕੱਤਰ ਸੋਮ ਨਾਥ ਅਰੋੜਾ ਵੱਲੋਂ ਸਾਂਝੇ ਤੌਰ ‘ਤੇ ਅਦਾ ਕੀਤੀ ਗਈ। ਉਹਨਾਂ ਅੱਗੇ ਦੱਸਿਆ ਕਿ ਕੈਲੰਡਰ ਵਿੱਚ ਜਥੇਬੰਦੀ ਦੇ ਲਿਖੇ ਉਦੇਸ਼ਾਂ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ ਕਾਮਨ ਸਕੂਲ ਸਿੱਖਿਆ ਸਿਸਟਮ ਲਾਗੂ ਕਰਵਾਉਣ, ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਖਿਲਾਫ ਲਗਾਤਾਰ ਸੰਘਰਸ਼ ਕਰਨਾ , ਪੁਰਾਣੀ ਪੈਨਸ਼ਨ ਸਕੀਮ ਹੂਬਹੂ ਬਹਾਲ ਕਰਵਾਉਣਾ, ਸਕੂਲ ਆਫ ਐਮੀਨੈਂਸ ਅਤੇ ਪੀ.ਐਮ. ਸ੍ਰੀ ਸਕੂਲਾਂ ਦੀ ਬਜਾਏ ਸਾਰਿਆਂ ਲਈ ਇਕਸਾਰ ਗੁਣਾਤਮਕ ਸਿੱਖਿਆ ਵਾਸਤੇ ਯਤਨ ਕਰਨੇ ਅਤੇ 12ਵੀਂ ਜਮਾਤ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਵਾਉਣਾ, ਪਰਖ ਕਾਲ ਦੇ ਸਮੇਂ ਦੌਰਾਨ ਪੂਰੀਆਂ ਤਨਖਾਹਾਂ ਤੇ ਭੱਤਿਆਂ ਨੂੰ ਲਾਗੂ ਕਰਵਾਉਣਾ, ਐਨ ਐਸ ਕਿਊ ਐਫ, ਕੰਪਿਊਟਰ ਅਧਿਆਪਕਾਂ, ਹੋਰ ਵਲੰਟੀਅਰਾਂ, ਕੱਚੇ ਅਤੇ ਠੇਕਾ ਅਧਾਰਤ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਪੰਜਾਬ ਵਿੱਚ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕਰਵਾਉਣਾ, ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਲਈ ਸ਼ਾਨਦਾਰ ਤਨਖਾਹ ਸਕੇਲਾਂ ਦੀ ਪ੍ਰਾਪਤੀ ਕਰਨ, ਕੇਂਦਰੀ ਪੈਟਰਨ ਤੇ ਤਨਖਾਹਾਂ ਦੇਣ ਸਬੰਧੀ 17 ਜੁਲਾਈ 2020 ਦਾ ਪੱਤਰ ਤੁਰੰਤ ਰੱਦ ਕਰਵਾਉਣ, ਜਥੇਬੰਦੀ ਦੇ ਮੰਗ ਪੱਤਰ ਵਿੱਚ ਦਰਜ ਸਾਰੀਆਂ ਮੰਗਾਂ ਦੇ ਨਿਪਟਾਰੇ ਲਈ ਲਗਾਤਾਰ ਸੰਘਰਸ਼ ਕਰਨਾ ਆਦਿ ਸ਼ਾਮਲ ਕੀਤੇ ਗਏ ਹਨ। ਆਗੂਆਂ ਨੇ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਲੜੇ ਜਾ ਰਹੇ ਘੋਲ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਨਾਂ ਕਿਸੇ ਹੋਰ ਦੇਰੀ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪੰਜਾਬ ਅਧੀਨ ਮਰਜ ਕੀਤਾ ਜਾਵੇ।