ਕੋਟਕਪੂਰਾ, 15 ਜਨਵਰੀ ( ਵਰਲਡ ਪੰਜਾਬੀ ਟਾਈਮਜ਼)
ਸਵਰਗੀ ਦਿਲਬਾਗ ਸਿੰਘ ਯਾਦਗਾਰੀ ਸੱਭਿਆਚਾਰਕ ਕਲੱਬ ਪਿੰਡ ਸਿਰਸੜੀ ਵਲੋਂ ਸਰਕਾਰੀ ਮਿਡਲ ਸਕੂਲ ਵਿਖੇ ‘ਮੇਲਾ ਲੋਹੜੀ ਧੀਆਂ ਦੀ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਲੋਕ ਗੀਤ, ਐਕਸ਼ਨ ਗੀਤ, ਗਰੁੱਪ ਸੌਂਗ ਅਤੇ ਗਿੱਧਾ ਪੇਸ਼ ਕਰਕੇ ਸਭਨਾਂ ਦਾ ਖ਼ੂਬ ਮਨੋਰੰਜਨ ਕੀਤਾ ਗਿਆ। ਕਮੇਡੀ ਕਲਾਕਾਰ ਜੌਨ ਮਸੀਹ, ਗੁਰੂ ਗੁਰਭੇਜ ਅਤੇ ਗੁਰਪਿਆਰ ਸਿੰਘ ਨੇ ਭੰਡ ਆਈਟਮਾਂ ਪੇਸ਼ ਕਰਕੇ ਹਾਜ਼ਰੀਨ ਨੂੰ ਖ਼ੂਬ ਹਸਾਇਆ। ਅੰਸ਼ਪ੍ਰੀਤ ਸਿੰਘ ਤੇ ਸਾਥੀਆਂ ਵਲੋਂ ਭੰਗੜਾ ਅਤੇ ਲੋਕ ਬੋਲੀਆਂ ਪੇਸ਼ ਕੀਤੀਆਂ ਗਈਆਂ। ਜਸ਼ਨਪ੍ਰੀਤ ਕੌਰ ’ਤੇ ਸਾਥਣਾਂ ਨੇ ਨਾਟਕ ‘ਮਾਂ ਦੀ ਆਵਾਜ਼’ ਪੇਸ਼ ਕੀਤਾ। ਸਮਾਰੋਹ ਦੇ ਮੁੱਖ ਮਹਿਮਾਨ ਬਲਜੀਤ ਸਿੰਘ ਖੀਵਾ ਐਮ.ਡੀ. ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਜੋਕੇ ਸਮੇਂ ਅੰਦਰ ਲੜਕੀਆਂ ਦੀ ਸਿੱਖਿਆ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਤਸ਼ਾਹਿਤ ਕੀਤੇ ਜਾਣ ਦੀ ਸਖ਼ਤ ਲੋੜ ਹੈ। ਲੜਕੀਆਂ ਹਰ ਖੇਤਰ ’ਚ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ ਅਤੇ ਦੇਸ਼ਾਂ-ਵਿਦੇਸ਼ਾਂ ’ਚ ਜਾ ਕੇ ਆਪਣੀ ਕਲਾ ਅਤੇ ਹੁਨਰ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਮੌਕੇ ਗਰਾਮ ਪੰਚਾਇਤ ਸਿਰਸੜੀ ਦੀ ਸਰਪੰਚ ਗਿਆਨ ਕੌਰ, ਬਸਤੀ ਅਨੋਖਪੁਰਾ ਦੇ ਸਰਪੰਚ ਬਲਜੀਤ ਸਿੰਘ, ਸਮੂਹ ਪੰਚਾਂ, ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ ਲੜਕੀਆਂ, ਸਹਿਯੋਗੀਆਂ, ਪਤਵੰਤੇ ਵਿਅਕਤੀਆਂ, ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਤੇ ਜਗਸੀਰ ਸਿੰਘ ਢਿੱਲੋਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਪਣੇ ਸੰਬੋਧਨ ’ਚ ਵਿਸ਼ੇਸ਼ ਮਹਿਮਾਨ ਗੁਰਦੁਆਰਾ ਜੋੜਾ ਸਾਹਿਬ ਨੰਗਲ ਦੇ ਮੁੱਖ ਸੇਵਾਦਾਰ ਭਾਈ ਬਲਜੀਤ ਸਿੰਘ ਖ਼ਾਲਸਾ ਨੇ ਸਭਨਾਂ ਨੂੰ ਪਵਿੱਤਰ ਗੁਰਬਾਣੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ। ਉਪਰੰਤ ਅਮਿਤ ਬਾਂਸਲ, ਰਮਨੀਕ ਕੁਮਾਰ ਅਤੇ ਸੰਦੀਪ ਕੁਮਾਰ ਟੀਮ ਫ਼ਾਇਰ ਕੋਟਕਪੂਰਾ ਵਲੋਂ ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ। ਮੰਚ ਦਾ ਸੰਚਾਲਨ ਗੁਰਮੀਤ ਕੌਰ ਗਿੱਲ ਸਾਬਕਾ ਪੰਚ ਨੇ ਕੀਤਾ। ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਸਵਰਗੀ ਦਿਲਬਾਗ ਸਿੰਘ ਦੀ ਨਿੱਘੀ ਯਾਦ ’ਚ ਪਰਿਵਾਰ ਵਲੋਂ ਆਏ ਸਾਲ ਇਹ ਮੇਲਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਪੰਚ ਸੁਖਦੀਪ ਕੌਰ, ਅਕਾਸ਼ਦੀਪ ਸਿੰਘ, ਬਲਵੀਰ ਸਿੰਘ, ਰਣਧੀਰ ਸਿੰਘ, ਜਗਦੀਪ ਸਿੰਘ ਗਿੱਲ, ਹਾਕਮ ਸਿੰਘ, ਵਿਕਰਮਜੀਤ ਸਿੰਘ, ਸੁਲਤਾਨ ਸਿੰਘ, ਬਸਪਾ ਫ਼ਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਗਿੱਲ, ਅਮਨਦੀਪ ਘੋਲੀਆ, ਹਰਜੀਤ ਸਿੰਘ ਮੇਟ, ਡਿਪਟੀ ਸਿੰਘ ਬਰਾੜ ਸਰਪੰਚ ਨੱਥੇ ਵਾਲਾ, ਗੁਰਾਂਦਿੱਤਾ ਸਿੰਘ ਭੰਗੁੂ, ਸਾਬਕਾ ਸਰਪੰਚ ਨਿਰਮਲ ਸਿੰਘ ਗਿੱਲ, ਰਣਧੀਰ ਸਿੰਘ ਗਿੱਲ, ਲਖਵੀਰ ਸਿੰਘ ਗਿੱਲ ਸਿਰਸੜੀ ਅਤੇ ਨਗਰ ਦੇ ਪਤਵੰਤੇ ਹਾਜ਼ਰ ਸਨ। ਅੰਤ ’ਚ ਕਲੱਬ ਦੇ ਪ੍ਰਧਾਨ ਮੋਹਰ ਸਿੰਘ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ।