ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਗੁਰਦਵਾਰਾ ਸਾਹਿਬ ਦੀ ਗੋਲਕ ਤੋੜ ਕੇ 15-20 ਹਜਾਰ ਰੁਪਏ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਪੁਲਿਸ ਨੇ ਇਕ ਚੋਰ ਗਿਰੋਹ ਦੇ ਸਰਗਨੇ ਨੂੰ ਉਸਦੇ ਸਾਥੀ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡਾ. ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਮੁਤਾਬਿਕ ਪੁਲਿਸ ਵਲੋਂ ਹਰਪ੍ਰੀਤ ਸਿੰਘ ਗੋਲੀ ਵਾਸੀ ਪਿੰਡ ਵਾੜਾਦਰਾਕਾ ਅਤੇ ਉਸਦੇ ਸਾਥੀਆਂ ਦੀ ਪਿਛਲੇ ਕਾਫੀ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਗੋਲੀ ਫਰੀਦਕੋਟ ਦੇ ਇਲਾਕੇ ਵਿੱਚ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਉਸ ਨੇ ਆਪਣੇ ਸਾਥੀਆਂ ਸਮੇਤ ਪਿਛਲੇ ਸਾਲ 7-8 ਨਵੰਬਰ ਦੀ ਦਰਮਿਆਨੀ ਰਾਤ ਨੂੰ ਜਿਲੇ ਦੇ ਪਿੰਡ ਮਿਸ਼ਰੀਵਾਲਾ ਦੇ ਗੁਰਦਵਾਰਾ ਸਾਹਿਬ ਦੀ ਗੋਲਕ ਤੋੜ ਕੇ 15-20 ਹਜਾਰ ਰੁਪਏ ਦੀ ਨਗਦੀ ਚੋਰੀ ਕੀਤੀ ਸੀ। ਉਸ ਸਮੇਂ ਸਦਰ ਥਾਣਾ ਫਰੀਦਕੋਟ ਵਿਖੇ ਬਕਾਇਦਾ ਮਾਮਲਾ ਵੀ ਦਰਜ ਹੋਇਆ ਸੀ। ਗੋਲੀ ਦੀ ਪੁੱਛਗਿੱਛ ਤੋਂ ਬਾਅਦ ਉਸ ਦੇ ਇਕ ਹੋਰ ਸਾਥੀ ਸੰਦੀਪ ਕੁਮਾਰ ਵਾਸੀ ਪਿੰਡ ਵਾੜਾਦਰਾਕਾ ਨੂੰ ਵੀ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਹਰਪ੍ਰੀਤ ਗੋਲੀ ਦੀ ਗਿ੍ਰਫਤਾਰੀ ਨਾਲ ਪੁਲਿਸ ਨੂੰ ਦੋ ਹੋਰ ਕੇਸਾਂ ਨੂੰ ਵੀ ਸੁਲਝਾਉਣ ਵਿੱਚ ਮੱਦਦ ਮਿਲੀ ਹੈ, ਜਿਸ ਵਿੱਚ ਇਹਨਾਂ ਦੇ ਗਰੋਹ ਵੱਲੋਂ ਇਕ ਗੁਰਦਵਾਰਾ ਸਾਹਿਬ ਅਤੇ ਸਕੂਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਉਕਤ ਦੋਨੋਂ ਲੜਕਿਆਂ ਦਾ ਅਦਾਲਤ ਵਿੱਚੋਂ ਪੁਲਿਸ ਰਿਮਾਂਡ ਪ੍ਰਾਪਤ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿੱਚ ਵਾਪਰੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਦਾ ਸੁਰਾਗ ਲਾਇਆ ਜਾ ਸਕੇ ਅਤੇ ਇਹਨਾਂ ਦੇ ਹੋਰ ਸਾਥੀਆਂ ਦੀਆਂ ਗਿ੍ਰਫਤਾਰੀਆਂ ਵੀ ਯਕੀਨੀ ਬਣਾਈਆਂ ਜਾ ਸਕਣ।