ਨਿਯਮ ਤੋੜਨ ’ਤੇ ਜਨਵਰੀ ਮਹੀਨੇ ’ਚ 1500 ਤੋ ਵੱਧ ਚਲਾਨ ਜਾਰੀ : ਐੱਸ.ਐੱਸ.ਪੀ.
ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ. ਦੀ ਨਵੇਕਲੀ ਸੋਚ ਹੇਠ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਕ ਇਨੋਵੇਟਿਵ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ਸਿਰਫ ਨਿਯਮ ਤੋੜਣ ਵਾਲਿਆਂ ਦੇ ਚਲਾਨ ਜਾਰੀ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਸਮਾਜਿਕ ਜਾਗਰੂਕਤਾ ਅਤੇ ਲੋਕਾਂ ਦੇ ਭਵਿੱਖ ਲਈ ਸੁਰੱਖਿਅਤ ਯਾਤਰਾ ਮੁਹੱਇਆ ਕਰਵਾਉਣ ਵੱਲ ਵੀ ਕੇਂਦ੍ਰਿਤ ਹੈ। ਇਸ ਅਭਿਆਨ ਤਹਿਤ ਸੜਕ ਸੁਰੱਖਿਆ ਨੂੰ ਲਾਗੂ ਕਰਨ ਲਈ ਫਰੀਦਕੋਟ ਪੁਲਿਸ ਵੱਲੋਂ ਨਵੀਂ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਸਪੀਡ ਗੰਨ ਦੇ ਜ਼ਰੀਏ ਤੇਜ਼ ਰਫ਼ਤਾਰ ਵਾਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਮਹੱਤਵ ਬਾਰੇ ਜਾਣੂ ਕੀਤਾ ਜਾ ਰਿਹਾ ਹੈ, ਤਾਂ ਜੋ ਹਰੇਕ ਵਾਹਨ ਚਾਲਕ ਜਿੰਮੇਵਾਰੀਆਂ ਨੂੰ ਸਮਝੇ ਅਤੇ ਸੁਰੱਖਿਅਤ ਯਾਤਰਾ ਨੂੰ ਸਹਿਯੋਗ ਦੇਵੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਕਰੀਬ 05 ਮਹੀਨਿਆ ਅੰਦਰ ਹੀ 7916 ਚਲਾਨ ਜਾਰੀ ਕਰਕੇ ਜੁਰਮਾਨੇ ਦੇ ਰੂਪ ਵਿੱਚ 52 ਲੱਖ 86 ਹਜਾਰ 800 ਰੁਪਏ ਵਸੂਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਵਧੀਆਂ ਤਕਨਾਲੋਜੀ ਦੀ ਵਰਤੋਂ ਕਰਦਿਆਂ ਸਪੀਡ ਗੰਨ ਦੀ ਮੱਦਦ ਨਾਲ ਤੇਜ਼ ਰਫ਼ਤਾਰ ਵਾਹਨਾਂ ਦੀ ਪਹਚਾਣ ਕੀਤੀ ਜਾ ਰਹੀ ਹੈ। ਸਿਰਫ ਪਿਛਲੇ 15 ਦਿਨਾਂ ਵਿੱਚ 1500 ਤੋਂ ਵੱਧ ਚਲਾਨ ਜਾਰੀ ਕਰਕੇ ਇਹ ਸਾਬਤ ਕੀਤਾ ਗਿਆ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਪੂਰੀ ਤਰ੍ਹਾ ਸਰਗਰਮ ਹੈ।