ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਰਸਾਤ ਦਾ ਪਾਣੀ ਕਣਕ ਦੀ ਫ਼ਸਲ ਵਿੱਚ ਲਗਾਤਾਰ ਖੜ੍ਹਾ ਰਹਿਣ ਕਾਰਨ ਗੰਧਕ ਦੀ ਘਾਟ ਆ ਸਕਦੀ ਹੈ ਜਿਸ ਦੀ ਪੂਰਤੀ ਲਈ ਜਿੱਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਵਿਚਾਰ ਡਾਕਟਰ ਅਮਰੀਕ ਸਿੰਘ ਨੇ ਪਿੰਡ ਮਹਿਮੂਆਣਾ ਵਿਚ ਕਿਸਾਨ ਸਰਬਜੀਤ ਸਿੰਘ ਦੁਆਰਾ ਐਮ.ਬੀ.ਪਲਾਓ, ਮਲਚਰ ਅਤੇ ਸੁਪਰ ਸੀਡਰ ਨਾਲ ਕਾਸ਼ਤ ਕੀਤੀ ਕਣਕ ਦੀ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਵਿੱਚ ਕੀਤੇ ਨਿਰੀਖਨ ਦੌਰਾਨ ਦੇਖਿਆ ਗਿਆ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਜਾਂ ਬੇਲਿੰਗ ਕਰਕੇ ਕਾਸ਼ਤ ਕੀਤੀ ਕਣਕ ਦੀ ਹਾਲਤ ਬਹੁਤ ਵਧੀਆ ਹੈ ਅਤੇ ਆਸ ਹੈ ਕਿ ਪੈਦਾਵਾਰ ਵੀ ਵਧੀਆ ਹੋਵੇਗੀ। ਉਨ੍ਹਾਂ ਦੱਸਿਆ ਕਿ ਬਰਸਾਤ ਦਾ ਪਾਣੀ ਲਗਾਤਾਰ ਕਣਕ ਦੀ ਫ਼ਸਲ ਵਿਚ ਖਾਸ ਕਰਕੇ ਰੇਤਲੀਆਂ ਜ਼ਮੀਨਾਂ ਵਿੱਚ ਖੜਾ ਰਹਿਣ ਕਾਰਨ ਫ਼ਸਲ ਵਿਚ ਗੰਧਕ (ਸਲਫ਼ਰ) ਦੀ ਘਾਟ ਆ ਜਾਂਦੀ ਹੈ। ਉਨਾਂ ਦੱਸਿਆ ਕਿ ਗੰਧਕ ਦੀ ਘਾਟ ਦੇ ਕਾਰਨ ਕਣਕ ਦੇ ਬੂਟਿਆਂ ਦੇ ਨਵੇਂ ਪੱਤਿਆਂ ਦੀਆਂ ਨੋਕਾਂ ਨੂੰ ਛੱਡ ਕੇ ਪੱਤਿਆਂ ਦਾ ਰੰਗ ਪੀਲਾ ਹੋ ਜਾਂਦਾ ਹੈ, ਜਦਕਿ ਹੇਠਲੇ ਪੱਤੇ ਹਰੇ ਰਹਿੰਦੇ ਹਨ। ਉਨਾਂ ਕਿਹਾ ਕਿ ਜੇਕਰ ਕਿਤੇ ਅਜਿਹੀ ਸਮੱਸਿਆ ਪੈਦਾ ਹੁੰਦੀ ਹੈ ਤਾਂ 100 ਕਿਲੋ ਜਿਪਸਮ ਪ੍ਰਤੀ ਏਕੜ ਦਾ ਛੱਟਾ ਦੇ ਦੇਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜਿਪਸਮ ਸਬਸਿਡੀ ਤੇ ਕਿਸਾਨਾਂ ਨੂੰ 205/- ਪ੍ਰਤੀ 50 ਕਿਲੋ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਪਸਮ ਲੈਣ ਦੇ ਚਾਹਵਾਨ ਕਿਸਾਨ ਆਪਣੇ ਹਲਕੇ ਦੇ ਖੇਤੀ ਅਧਿਕਾਰੀਆਂ ਨੂੰ ਸੰਪਰਕ ਕਰ ਸਕਦੇ ਹਨ।