ਫਰੀਦਕੋਟ, 17 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਭੱਠੇ ’ਤੇ ਕੰਮ ਕਰਨ ਵਾਲੇ ਦੋ ਧੜਿਆਂ ਵਿੱਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਈ ਲੜਾਈ ਵਿੱਚ ਦੋ ਨੌਜਵਾਨਾ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਮਿਲੀ ਹੈ, ਜਿੰਨਾ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਬੀਤੀ ਦੇਰ ਸ਼ਾਮ ਚਹਿਲ ਰੋਡ ਫਰੀਦਕੋਟ ਵਿਖੇ ਸਥਿੱਤ ਭੱਠੇ ’ਤੇ ਕੰਮ ਕਰ ਰਹੇ ਪ੍ਰਵਾਸੀ ਮਜਦੂਰਾਂ ਤੋਂ ਬਕਾਇਆ ਲੈਣ ਗਏ ਮਜਦੂਰਾਂ ਦੇ ਦੂਜੇ ਗਰੁੱਪ ਨੇ ਜਦ ਬਕਾਇਆ ਪੈਸਿਆਂ ਦੀ ਮੰਗ ਕੀਤੀ ਤਾਂ ਦੋਨੋਂ ਧਿਰਾਂ ਵਿੱਚ ਤਕਰਾਰ ਹੋਣ ਤੋਂ ਬਾਅਦ ਲੜਾਈ ਹੋ ਗਈ, ਜਿਸ ਵਿੱਚ ਪੈਸੇ ਮੰਗਣ ਆਏ ਮਜਦੂਰਾਂ ਵਿੱਕੀ ਅਤੇ ਬੋਬੀ ਜਖਮੀ ਹੋ ਗਏ, ਜਿੰਨਾ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ। ਪੀੜਤ ਮਜਦੂਰ ਵਿੱਕੀ ਦੇ ਪਿਤਾ ਹੰਸ ਰਾਜ ਨੇ ਦੱਸਿਆ ਕਿ ਉਸਦਾ ਬੇਟਾ ਵਿੱਕੀ ਅਤੇ ਬੋਬੀ ਆਪਣੇ ਕੰਮ ਦੇ ਪੈਸੇ ਲੈਣ ਲਈ ਗਏ ਸਨ ਪਰ ਉੱਥੇ ਪ੍ਰਵਾਸੀ ਮਜਦੂਰਾਂ ਨੇ ਉਹਨਾ ਦੀ ਬੁਰੀ ਤਰਾਂ ਕੁੱਟਮਾਰ ਕੀਤੀ, ਜਿਸ ਕਾਰਨ ਉਹ ਸਖਤ ਜਖਮੀ ਹੋ ਗਏ। ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਐਸ.ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਉਕਤ ਝਗੜਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ, ਜਿਸ ਵਿੱਚ ਪੁਲਿਸ ਵਲੋਂ ਜਖਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।