ਮਿਲਾਨ, 18 ਜਨਵਰੀ: (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਇਟਲੀ ਵਿਖੇ ਪੰਜਾਬ ਦੀ ਹੋਣਹਾਰ ਧੀ ਨਵਦੀਪ ਕੌਰ ਥਿਆੜਾ ਨੇ ਮਾਪਿਆਂ ਤੇ ਪੰਜਾਬ ਦਾ ਨਾਂ ਰੋਸ਼ਨ ਕਰਦਿਆਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਪਰਵਿੰਦਰ ਸਿੰਘ ਥਿਆੜਾ ਅਤੇ ਪਰਮਜੀਤ ਕੌਰ ਥਿਆੜਾ ਦੀ ਲਾਡਲੀ ਨਵਦੀਪ ਕੌਰ ਨੇ ਰਿਜੋਇਮਿਲੀਆ /ਮੋਦਨਾ ਦੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਪਹਿਲੇ ਨੰਬਰ ਵਿੱਚ 110/110 ਕਰਕੇ ਇੱਕ ਵਾਰ ਫਿਰ ਪ੍ਰਮਾਣਿਤ ਕਰ ਦਿੱਤਾ ਕਿ ਪੰਜਾਬ ਦੀਆਂ ਧੀਆਂ ਵਿੱਦਿਅਕ ਖੇਤਰਾਂ ਵਿੱਚ ਕਿਸੇ ਤੋਂ ਘੱਟ ਨਹੀਂ ਨੇ। ਜ਼ਿਕਰਯੋਗ ਹੈ ਕਿ ਨਵਦੀਪ ਕੌਰ (25) ਦਾ ਜਨਮ ਪਿੰਡ ਸੀਕਰੀ ਜਿਲਾ ਹੁਸ਼ਿਆਰਪੁਰ ਪੰਜਾਬ ਚ ਹੋਇਆ। 2004 ਵਿੱਚ ਜਦੋਂ ਉਹ ਚਾਰ ਸਾਲ ਦੀ ਸੀ ਤਾਂ ਪੰਜਾਬ ਤੋਂ ਪਰਿਵਾਰ ਨਾਲ ਵਿੱਚ ਇਟਲੀ ਆ ਗਈ।ਉਸਨੇ ਆਪਣੀ ਸਾਰੀ ਪੜਾਈ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਹੋਣਹਾਰ ਵਿੱਦਿਆਰਥੀਆਂ ਵਜੋਂ ਇਟਲੀ ਚ ਕੀਤੀ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਗੱਲਬਾਤ ਕਰਦੇ ਨਵਦੀਪ ਕੌਰ ਨੇ ਦੱਸਿਆ ਕਿ ਉਸ ਦੀ ਮੁੱਢ ਤੋਂ ਹੀ ਪੜ੍ਹਾਈ ਵਿੱਚ ਬਹੁਤ ਰੁਚੀ ਸੀ ਤੇ ਇਸ ਵਿੱਚ ਮਾਪਿਆਂ ਨੇ ਉਸਦਾ ਹੌਸਲਾ ਅਫ਼ਜਾਈ ਨਾਲ ਮਾਰਗ ਦਰਸ਼ਨ ਕੀਤਾ । ਉਸਨੇ ਕਿਹਾ ਕਿ ਅੱਜ ਜਿਸ ਮੁਕਾਮ ਤੇ ਉਹ ਪਹੁੰਚੀ ਹੈ ਉਹ ਮਾਪਿਆਂ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ । ਨਵਦੀਪ ਕੌਰ ਘਰ ਦੀ ਆਰਥਿਕਤਾ ਵਿੱਚ ਆਪਣੇ ਪਰਿਵਾਰ ਨਾਲ ਮੁੰਡਿਆਂ ਵਾਂਗਰ ਜਿੰਮੇਵਾਰੀ ਨਿਭਾਅ ਰਹੀ ਹੈ ਉਹ ਪੜਾਈ ਦੇ ਨਾਲ ਨਾਲ ਪਾਰਟ ਟਾਈਮ ਕੰਮ ਵੀ ਕਰ ਰਹੀ ਹੈ। ਰਿਜੋ ਇਮਿਲੀਆ ਤੇ ਮੋਦਨਾ ਦੀ ਯੂਨੀਵਰਸਿਟੀ ਤੋਂ ਮਾਰਕਟਿੰਗ ਐਂਡ ਆਰਗੇਨਾਈਜੇਸ਼ਨ ਆਫ਼ ਇੰਟਰਪ੍ਰਾਈਜ਼ਜ਼ ਦੀ ਡਿਗਰੀ 110/110 ਨੰਬਰ ਲੈਕੇ ਟਾਪ ਕੀਤਾ ਹੈ। ਲਗਨ ਤੇ ਸਖ਼ਤ ਮਿਹਨਤ ਨਾਲ ਡਾਕਟਰੇਟ ਬਣੀ ਇਸ ਧੀ ਦੇ ਘਰ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਤੇ ਪਿੰਡ ਵਾਸੀਆਂ ਵਲੋਂ ਨਵਦੀਪ ਕੌਰ ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।