ਕੋਟਕਪੂਰਾ, 18 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੁਲਿਸ ਵੱਲੋਂ ਨਸ਼ਿਆਂ ਸਮੇਤ ਹੋਰ ਵੱਖ-ਵੱਖ ਜੁਰਮਾਂ ਖਿਲਾਫ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ਿਆਂ ਦੇ ਖਾਤਮੇ ਲਈ ਆਮ ਲੋਕਾਂ ਦਾ ਸਹਿਯੋਗ ਲੈਣ ਲਈ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਜਨ ਸੰਪਰਕ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਪਿੰਡਾਂ, ਸ਼ਹਿਰਾਂ ਅਤੇ ਮੁਹੱਲਿਆਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆਂ ਹੈ। ਇਸ ਯਤਨ ਦੇ ਹਿਸੇ ਵਜੋਂ, ਫਰੀਦਕੋਟ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਮੁੱਖ ਥਾਣਾ ਅਫਸਰ ਪਿੰਡਾਂ/ਕਸਬਿਆਂ ਵਿੱਚ ਜਾ ਕੇ ਜਨਤਾ ਨਾਲ ਮੁਲਾਕਾਤ ਕਰਦੇ ਹਨ, ਜਿੱਥੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਹੁੰਦਾ ਹੈ। ਇਹ ਮੀਟਿੰਗਾਂ ਇਸ ਲਈ ਖ਼ਾਸ ਹਨ, ਕਿਉਂਕਿ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਸੁਣਨ ਅਤੇ ਤੁਰਤ ਹੱਲ ਦੇਣ ਲਈ ਲੋੜੀਂਦੇ ਕਦਮ ਚੁੱਕੇ ਜਾਂਦੇ ਹਨ। ਮੁਹਿੰਮ ‘ਸੰਪਰਕ’ ਤਹਿਤ ਸਾਂਝ ਸਟਾਫ ਫਰੀਦਕੋਟ ਵੱਲੋਂ ਗ੍ਰੀਨ ਐਵੀਨਿਊ ਕਲੋਨੀ ਫਰੀਦਕੋਟ ਵਿਖੇ ਪਬਲਿਕ ਨਾਲ ਖੁੱਲ੍ਹੇ ਮੰਚ ’ਤੇ ਮੁਲਾਕਾਤ ਕੀਤੀ ਗਈ। ਇਸ ਮੀਟਿੰਗਾਂ ਦਾ ਉਦੇਸ਼ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਬੇਝਿਜਕ ਪੇਸ਼ ਕਰਨ ਲਈ ਇਕ ਮੰਚ ਪ੍ਰਦਾਨ ਕਰਨਾ ਅਤੇ ਪੁਲਿਸ ਸੇਵਾਵਾਂ ਨੂੰ ਹੋਰ ਜ਼ਿੰਮੇਵਾਰ, ਪਾਰਦਰਸ਼ੀ ਅਤੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਬਣਾਉਣਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਮੁੱਖ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਮੌਕੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਯਕੀਨ ਦਵਾਇਆ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਚਿਤ ਕਾਰਵਾਈ ਕੀਤੀ ਜਾਵੇਗੀ।