ਫਰੀਦਕੋਟ, 21 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਦ੍ਰਿੜ ਅਗਵਾਈ ਹੇਠ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਸੰਕਲਪਬੱਧ ਤੌਰ ’ਤੇ ਅੱਗੇ ਵੱਧ ਰਹੀ ਹੈ। ਨਸ਼ਾ ਤਸਕਰਾਂ ਖਿਲਾਫ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ, ਜਿਸ ਅਧੀਨ ਕਈ ਮੁੱਖ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸਦੇ ਨਾਲ ਹੀ ਪੁਰਾਣੇ ਨਸ਼ਾ ਸਬੰਧੀ ਕੇਸਾਂ ਵਿੱਚ ਅਦਾਲਤ ਤੋਂ ਭਗੌੜੇ ਐਲਾਨੇ ਗਏ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ। ਐਸ.ਐਸ.ਪੀ. ਦੀ ਪ੍ਰੇਰਨਾ ਹੇਠ ਪੁਲਿਸ ਟੀਮ ਸਿਰਫ ਨਸ਼ਿਆਂ ਨੂੰ ਰੋਕਣ ਹੀ ਨਹੀਂ, ਸਗੋਂ ਇਸ ਦੇ ਪੂਰੇ ਜੜ ਤੋਂ ਖਾਤਮੇ ਲਈ ਵੀ ਯਤਨਸ਼ੀਲ ਹੈ, ਜਿਸ ਤਹਿਤ ਜਸਮੀਤ ਸਿੰਘ ਸਾਹੀਵਾਲ ਐਸ.ਪੀ. ਦੀ ਰਹਿਨੁਮਾਈ ਹੇਠ ਪੀ.ਓ ਸਟਾਫ ਫਰੀਦਕੋਟ ਵਲੋਂ ਮੁਕੱਦਮਾ ਨੰਬਰ 115 ਮਿਤੀ 26.07.2019 ਅ/ਧ 27/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਫਰੀਦਕੋਟ ਵਿੱਚ ਭਗੌੜੇ ਚੱਲ ਰਹੇ ਵਿਅਕਤੀ ਸੱਤਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਾਨੀ ਸਿੰਘ ਵਾਲਾ ਥਾਣਾ ਸਾਦਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੱਤਾ ਸਿੰਘ ਖਿਲਾਫ ਪਹਿਲਾਂ ਵੀ ਨਸ਼ੇ ਅਤੇ ਚੋਰੀ ਸਬੰਧੀ ਤਿੰਨ ਅਪਰਾਧਕ ਕੇਸ ਦਰਜ ਹਨ। ਜਿੰਨਾ ਵਿੱਚੋਂ ਇਕ ਐਨਡੀਪੀਐਸ ਐਕਟ ਤਹਿਤ ਥਾਣਾ ਸਦਰ ਫਰੀਦਕੋਟ, ਦੂਜਾ ਆਈਪੀਸੀ ਦੀ ਧਾਰਾ ਤਹਿਤ ਥਾਣਾ ਗੁਰੂਹਰਸਾਏ ਜਿਲਾ ਫਰੀਦਕੋਟ ਅਤੇ ਤੀਜਾ ਚੋਰੀ ਦੀਆਂ ਧਾਰਾਵਾਂ ਤਹਿਤ ਸਿਟੀ ਥਾਣਾ ਫਰੀਦਕੋਟ ਵਿਖੇ ਦਰਜ ਹੈ।

