ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਦੇ ਮਾਪਿਆਂ ਖਿਲਾਫ ਵੀ ਹੋਵੇਗੀ ਕਾਰਵਾਈ : ਐੱਸ.ਡੀ.ਐੱਮ.ਚਾਈਨਾ ਡੋਰ ਰੋਕਣ ਲਈ ਜਥੇਬੰਦੀ ਵਲੋਂ ਮਿਲੇਗਾ ਹਰ ਤਰ੍ਹਾਂ ਦਾ ਸਹਿਯੋਗ : ਬਿਪਨ ਬਿੱਟੂ
ਕੋਟਕਪੁਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਨਰਲ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਵੱਲੋਂ ਪ੍ਰਧਾਨ ਵਿਪਨ ਬਿੱਟੂ ਦੀ ਅਗਵਾਈ ਹੇਠ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਪ੍ਰਧਾਨ ਵਿਪਨ ਬਿੱਟੂ, ਮੋਹਿਤ ਸਿੰਗਲਾ ਅਤੇ ਗਗਨ ਅਹੂਜਾ ’ਤੇ ਆਧਾਰਿਤ ਜੀ.ਐਮ.ਏ. ਦੀ ਟੀਮ ਵੱਲੋਂ ਐਸ.ਡੀ.ਐਮ. ਕੋਟਕਪੂਰਾ ਵਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਜਨਰਲ ਮਰਚੇਂਟਸ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਟੀਮ ਵੱਲੋਂ ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਜਾਣਕਾਰੀ ਵਾਲਾ ਪੋਸਟਰ ਵੀ ਉਨ੍ਹਾਂ ਨੂੰ ਭੇਟ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਵਿਪਨ ਬਿੱਟੂ ਨੇ ਐਸ.ਡੀ.ਐਮ. ਕੋਟਕਪੂਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਸੋਸੀਏਸ਼ਨ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਖਿਲਾਫ ਕੀਤੀ ਜਾਣ ਵਾਲੀ ਹਰ ਕਾਰਵਾਈ ’ਚ ਪੂਰਨ ਸਹਿਯੋਗ ਦੇਵੇਗੀ ਅਤੇ ਉਨ੍ਹਾਂ ਦੀ ਸੰਸਥਾ ਜਨਰਲ ਮਰਚੇਂਟਸ ਐਸੋਸੀਏਸ਼ਨ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਦੀ ਹਮਾਇਤ ਨਹੀਂ ਕਰਗੀ। ਇਸ ਮੌਕੇ ਵਰਿੰਦਰ ਸਿੰਘ ਐੱਸ.ਡੀ.ਐੱਮ. ਕੋਟਕਪੂਰਾ ਨੇ ਕਿਹਾ ਕਿ ਚਾਈਨਾ ਡੇਰ ਕਾਰਨ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਮਿਲ ਰਹੀਆਂ ਹਨ ਅਤੇ ਇਸ ਜਾਨਲੇਵਾ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਜੀ.ਐਮ.ਏ. ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਅਤੇ ਇਸ ਮੁਹਿੰਮ ਤਹਿਤ ਕਾਰਵਾਈ ਵੀ ਕੀਤੀ ਗਈ ਹੈ, ਜੋ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਇਸ ਦੌਰਾਨ ਜਿੱਥੇ ਡੀ.ਐਮ.ਏ. ਵਲੋਂ ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੇ ਡਰੋਸੇ ਦੀ ਪ੍ਰਸੰਸਾ ਕੀਤੀ, ਉੱਥੇ ਪੈਸੇ ਦੇ ਲਾਲਚ ਵਿੱਚ ਚੋਰੀ ਛਿਪੇ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਅਜਿਹਾ ਕਰਦਾ ਕਾਬੂ ਆਇਆ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਦੇ ਮਾਪਿਆਂ ਖਿਲਾਫ ਵੀ ਕਾਰਵਾਈ ਹੋਵੇਗੀ, ਇਸ ਲਈ ਮਾਪੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਚਾਈਨਾ ਡੋਰ ਦੀ ਵਰਤੋਂ ਕਿਸੇ ਵੀ ਸੂਰਤ ’ਚ ਨਾ ਕਰ ਦੇਣ।