ਫਰੀਦਕੋਟ ਅਦਾਲਤ ਨੇ ਐੱਨ.ਆਈ.ਏ. ਦੀ ਕੇਸ ਦਿੱਲੀ ਤਬਦੀਲ ਕਰਨ ਵਾਲੀ ਅਰਜ਼ੀ ਕੀਤੀ ‘ਖਾਰਜ’
ਫਰੀਦਕੋਟ , 22 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਕਰੀਬ ਦੋ ਸਾਲ ਪਹਿਲਾਂ ਕੋਟਕਪੂਰਾ ਵਿੱਚ ਕਥਿਤ ਤੌਰ ’ਤੇ ਬੇਅਦਬੀ ਦੇ ਇਲਜ਼ਾਮਾਂ ਵਿੱਚ ਘਿਰੇ ਡੇਰਾ ਪ੍ਰੇਮੀ ਪ੍ਰਦੀਪ ਕਟਾਰੀਆ ਦੇ ਕਤਲ ਕਾਂਡ ਦੀ ਸੁਣਵਾਈ ਫ਼ਰੀਦਕੋਟ ਦੀ ਅਦਾਲਤ ਵਿੱਚੋਂ ਦਿੱਲੀ ਤਬਦੀਲ ਕਰਨ ਦੀ ਐੱਨ.ਆਈ.ਏ. ਵੱਲੋਂ ਪਾਈ ਅਰਜ਼ੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਪ੍ਰਦੀਪ ਕਟਾਰੀਆ ਉੱਪਰ ਕਥਿਤ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਇਲਜ਼ਾਮ ਲੱਗੇ ਸਨ। ਹਥਿਆਰਬੰਦਾਂ ਨੇ ਉਸ ਨੂੰ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕੇਸ ਵਿੱਚ ਫ਼ਰੀਦਕੋਟ ਪੁਲੀਸ ਨੇ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਖ਼ਿਲਾਫ਼ ਚਲਾਨ ਵੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਇਸ ਕੇਸ ਵਿੱਚ ਕਰੀਬ ਇੱਕ ਦਰਜਨ ਗਵਾਹ ਗਵਾਹੀ ਵੀ ਦੇ ਚੁੱਕੇ ਹਨ। ਐੱਨ.ਆਈ.ਏ. ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਮੰਗ ਕੀਤੀ ਸੀ ਕਿ ਇਹ ਕੇਸ ਦਿੱਲੀ ਵਿੱਚ ਐੱਨ.ਆਈ.ਏ. ਦੀ ਅਦਾਲਤ ਵਿੱਚ ਚੱਲਣਾ ਚਾਹੀਦਾ ਹੈ। ਅਦਾਲਤ ਨੇ ਇਸ ਕੇਸ ਨਾਲ ਜੁੜੀਆਂ ਸਾਰੀਆਂ ਧਿਰਾਂ ਦਾ ਪੱਖ ਜਾਣਨ ਤੋਂ ਬਾਅਦ ਐੱਨ.ਆਈ.ਏ. ਦੀ ਅਰਜ਼ੀ ਖਾਰਜ ਕਰ ਦਿੱਤੀ। ਨਵੇਂ ਫ਼ੌਜਦਾਰੀ ਕਾਨੂੰਨ ਮੁਤਾਬਿਕ ਅਦਾਲਤ ਵਿੱਚ ਚਲਾਨ ਪੇਸ਼ ਹੋਣ ਤੋਂ ਬਾਅਦ ਕੋਈ ਵੀ ਜਾਂਚ ਏਜੰਸੀ ਮੁਕੱਦਮੇ ਦੀ ਦੁਬਾਰਾ ਪੜਤਾਲ ਨਹੀਂ ਕਰ ਸਕਦੀ ਤੇ ਜੇਕਰ ਕੋਈ ਏਜੰਸੀ ਦੁਬਾਰਾ ਜਾਂਚ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਅਦਾਲਤ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਹੈ ਪਰ ਐੱਨ.ਆਈ.ਏ. ਨੇ ਅਦਾਲਤ ਤੋਂ ਇਸ ਕੇਸ ਦੀ ਹੋਰ ਪੜਤਾਲ ਲਈ ਕੋਈ ਇਜਾਜ਼ਤ ਨਹੀਂ ਮੰਗੀ ਸੀ। ਏਜੰਸੀ ਨੇ ਸਿਰਫ਼ ਕੇਸ ਤਬਦੀਲ ਕਰਨ ਲਈ ਅਰਜ਼ੀ ਦਿੱਤੀ ਸੀ। ਇਸ ਕਤਲ ਕਾਂਡ ਵਿੱਚ ਐੱਨ.ਆਈ.ਏ. ਨੇ ਕੋਈ ਵੱਖਰਾ ਕੇਸ ਵੀ ਦਰਜ ਨਹੀਂ ਕੀਤਾ, ਬਲਕਿ ਪੁਲੀਸ ਵੱਲੋਂ ਦਰਜ ਕੀਤੇ ਕੇਸ ’ਤੇ ਹੀ ਆਪਣੇ ਪੱਧਰ ’ਤੇ ਪੜਤਾਲ ਕੀਤੀ ਸੀ।