ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਲਿਖਤੀ ਬੇਨਤੀ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਬੱਚੀਆਂ ਨੂੰ ਮਾਰਸ਼ਲ ਖੇਡ ਪ੍ਰਤੀ ਸਿੱਖਿਅਤ ਕਰਨ ਲਈ ਸਕੂਲ ਵਿੱਚ ਗੱਤਕੇ ਦਾ ‘ਡੇਅ ਸਕਾਲਰ ਵਿੰਗ’ ਸ਼ੁਰੂ ਕਰਵਾਇਆ ਜਾਵੇ, ਇਸ ਲਈ ਸ਼ਹਿਰ ਦੇ ਪ੍ਰਸਿੱਧ ਗੱਤਕਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਦਾ ਸਹਿਯੋਗ ਲਿਆ ਜਾ ਸਕਦਾ ਹੈ, ਕਿਉਂਕਿ ਗੁਰਪ੍ਰੀਤ ਸਿੰਘ ਦੇ ਯਤਨਾ ਸਦਕਾ ਇਸ ਸਕੂਲ ਦੀਆਂ ਵਿਦਿਆਰਥਣਾ ਪੜਾਈ ਦੇ ਨਾਲ-ਨਾਲ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਗੱਤਕਾ ਚੈਂਪੀਅਨਸ਼ਿਪ ਵਿੱਚ ਸੂਬੇ ਅਤੇ ਨੈਸ਼ਨਲ ਪੱਧਰ ’ਤੇ ਖੇਡ ਕੇ ਜਿੱਤਾਂ ਪ੍ਰਾਪਤ ਕਰਕੇ ਕਈ ਗੋਡਲ ਮੈਡਲ ਹਾਸਲ ਕਰਕੇ ਸਕੂਲ ਦਾ ਨਾਮ ਰੁਸ਼ਨਾ ਚੁੱਕੀਆਂ ਹਨ। ਜੇਕਰ ਇਸ ਸਕੂਲ ਵਿੱਚ ‘ਬਾਬਾ ਦੀਪ ਸਿੰਘ ਗੱਤਕਾ ਅਖਾੜਾ’ ਦੇ ਸੰਸਥਾਪਕ ਅਤੇ ਪ੍ਰਸਿੱਧ ਗੱਤਕਾ ਕੋਚ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ‘ਡੇਅ ਸਕਾਲਰ ਵਿੰਗ’ ਸ਼ੁਰੂ ਕਰਵਾਇਆ ਜਾਵੇ ਤਾਂ ਵਿਦਿਆਰਥਣਾ ਹੋਰ ਸਰਵਪੱਖੀ ਵਿਕਾਸ ਹੋਣਾ ਸੁਭਾਵਿਕ ਹੈ। ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਸਪੀਕਰ ਸੰਧਵਾਂ ਨੂੰ ਸਿਨੇਮਰ ਬੇਨਤੀ ਕਰਦਿਆਂ ਪੱਤਰ ਵਿੱਚ ਲਿਖਿਆ ਹੈ ਕਿ ਇਹ ਸਕੂਲ ਇਲਾਕੇ ਦਾ ਸਭ ਤੋਂ ਪੁਰਾਣਾ ਅਤੇ ਵਿਰਾਸਤੀ ਅਦਾਰਾ ਹੈ, ਜਿਸ ਵਿੱਚ ਲਗਭਗ ਦੋ ਹਜਾਰ ਵਿਦਿਆਰਥਣਾ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਉਹਨਾ ਦੱਸਿਆ ਕਿ ਆਪਜੀ ਦੇ ਸਹਿਯੋਗ ਸਦਕਾ ਪਹਿਲਾਂ ਵੀ ਵਿਦਿਆਰਥਣਾ ਵਲੋਂ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਚੰਗੀਆਂ ਪੁਜੀਸ਼ਨਾ ਹਾਸਲ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜਾ ਚੁੱਕਾ ਹੈ। ਸੰਪਰਕ ਕਰਨ ’ਤੇ ਗੁਰਪ੍ਰੀਤ ਸਿੰਘ ਗੱਤਕਾ ਕੋਚ ਨੇ ਮੰਨਿਆ ਕਿ ਸਪੀਕਰ ਸੰਧਵਾਂ ਵਲੋਂ ਗੱਤਕਾ ਅਖਾੜਾ ਦੀਆਂ ਵਿਦਿਆਰਥਣਾ ਨੂੰ ਮਾਇਆ ਦੇ ਵੱਡੇ ਵੱਡੇ ਗੱਫੇ ਦੇ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਪਰ ਮੈਨੂੰ ਮਾਇਆ ਦੇ ਗੱਫਿਆਂ ਦੀ ਬਜਾਇ ਰੁਜਗਾਰ ਚਾਹੀਦਾ ਹੈ ਤੇ ਉਹ ਪਿ੍ਰੰਸੀਪਲ ਪ੍ਰਭਜੋਤ ਸਿੰਘ ਦੀ ਪੇਸ਼ਕਸ਼ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਲਈ ਤਿਆਰ ਹਨ। ਉਹਨਾਂ ਦੱਸਿਆ ਕਿ ਸਪੀਕਰ ਸੰਧਵਾਂ ਵਲੋਂ ਜਦੋਂ ਪਹਿਲੀ ਵਾਰ ਗੋਲਡ ਮੈਡਲ ਹਾਸਲ ਕਰਨ ਵਾਲੀਆਂ ਵਿਦਿਆਰਥਣਾ ਨੂੰ 51-51 ਹਜਾਰ ਰੁਪਏ ਦੇ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ ਤਾਂ ਉਸ ਤੋਂ ਬਾਅਦ ਹੋਰ ਵੀ ਕਈ ਵਿਦਿਆਰਥਣਾ ਨੇ ਗੋਲਡ, ਸਿਲਵਰ ਅਤੇ ਕਾਂਸੀ ਦੇ ਮੈਡਲ ਜਿੱਤ ਕੇ ਹੋਰਨਾ ਵਿਦਿਆਰਥਣਾ ਲਈ ਪ੍ਰੇਰਨਾ ਸਰੋਤ ਬਣਨ ਦੀ ਕੌਸ਼ਿਸ਼ ਕੀਤੀ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਵਿਦਿਅਕ ਪੜਾਈ ਦੇ ਨਾਲ ਨਾਲ ਹੋਰਨਾ ਖੇਤਰਾਂ ਵਿੱਚ ਵੀ ਦਿਲਚਸਪੀ ਲੈਣ ਲਈ ਅਕਸਰ ਪ੍ਰੇਰਿਤ ਕਰਨ ਲਈ ਯਤਨਸ਼ੀਲ ਹੈ। ਉਹਨਾਂ ਆਖਿਆ ਕਿ ਇਸ ਸਬੰਧੀ ਭਾਵੇਂ ਅਜੇ ਉਹਨਾਂ ਨੂੰ ਕੋਈ ਪੱਤਰ ਨਹੀਂ ਮਿਲਿਆ ਪਰ ਉਹ ਇਸ ਤਰਾਂ ਦੇ ਡੇਅ ਸਕਾਲਰ ਵਿੰਗ ਬਣਾਉਣ ਲਈ ਤਿਆਰ ਹਨ ਤੇ ਜਲਦ ਹੀ ਖੇਡ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਉਕਤ ਕਾਰਜ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।