ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੋਗਾ ਰੋਡ ਨੇੜੇ ਬੱਸ ਸਟੈਂਡ ਦੇ ਕੋਲ ਦੇਰ ਰਾਤ ਕਰੀਬ 10:15 ਵਜੇ ਮੈਡੀਕਲ ਸ਼ੋਪ ਬੰਦ ਕਰ ਰਹੇ ਪਿਓ-ਪੁੱਤ ਤੋਂ ਕਾਰ ਵਿੱਚ ਆਏ ਹਥਿਆਰਬੰਦ ਲੁਟੇਰੇ 37 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਵਿੱਚ ਜ਼ਖ਼ਮੀ ਪਿਓ-ਪੁੱਤ ਨੂੰ ਇਲਾਜ ਲਈ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਸੂਚਨਾ ਤੋਂ ਬਾਅਦ ਥਾਣਾ ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਮੋਗਾ ਰੋਡ ‘ਤੇ ਨਵੇਂ ਬੱਸ ਸਟੈਂਡ ਨੇੜੇ ਅਸੀਜਾ ਮੈਡੀਕਲ ਸਟੋਰ ਦਾ ਮਾਲਕ ਰੌਕੀ ਅਤੇ ਉਸ ਦਾ ਪਿਤਾ ਪੂਰਨ ਚੰਦ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਜਦੋਂ ਉਹ ਦੁਕਾਨ ਦਾ ਸ਼ਟਰ ਬੰਦ ਕਰਕੇ ਤਾਲਾ ਲਗਾ ਰਿਹਾ ਸੀ ਤਾਂ ਕਾਰ ਵਿੱਚ ਆਏ ਹਥਿਆਰਬੰਦ ਲੁਟੇਰਿਆਂ ਨੇ ਪੂਰਨ ਚੰਦ ‘ਤੇ ਹਮਲਾ ਕਰ ਕੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਨਕਦੀ ਵਾਲਾ ਬੈਗ ਲੈ ਕੇ ਭੱਜ ਗਏ। ਪੂਰਨ ਚੰਦ ਦੇ ਲੜਕੇ ਰੌਕੀ ਨੇ ਵੀ ਮੁਲਜ਼ਮਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਇਸ ਮਾਮਲੇ ਵਿੱਚ ਪੀੜਤ ਪੂਰਨ ਚੰਦ ਅਤੇ ਉਸ ਦੇ ਲੜਕੇ ਰੌਕੀ ਨੇ ਦੱਸਿਆ ਕਿ ਜਦੋਂ ਉਹ ਘਰ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਕਾਰ ਵਿੱਚ ਸਵਾਰ ਮੁਲਜ਼ਮਾਂ ਨੇ ਉਨ੍ਹਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ।

