ਪੰਜਾਬੀ ਮੈਗਜ਼ੀਨ ‘ਪੰਜਾਬੀਅਤ’ ਦਾ ਪਹਿਲਾ ਅੰਕ ਹੋਵੇਗਾ ਲੋਕ-ਅਰਪਨ
ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਅਤੇ ਕਲਾ ਨੂੰ ਸਮਰਪਿਤ ਮੰਚ ‘ਸ਼ਬਦ-ਸਾਂਝ ਕੋਟਕਪੂਰਾ’ ਵੱਲੋਂ ਉੱਘੇ ਕਵੀ ਕੁਲਵਿੰਦਰ ਵਿਰਕ ਦੀ ਕਾਵਿ-ਪੁਸਤਕ ‘ਪੌਣ, ਪਾਣੀ ਤੇ ਰੇਤ’ ਉੱਤੇ ਵਿਚਾਰ-ਚਰਚਾ 27 ਜਨਵਰੀ ਨੂੰ ਹੋਵੇਗੀ। ਇਸ ਮੌਕੇ ਪੰਜਾਬੀ ਮੈਗਜ਼ੀਨ ‘ਪੰਜਾਬੀਅਤ’ ਦਾ ਪਹਿਲਾ ਅੰਕ ਵੀ ਲੋਕ-ਅਰਪਣ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਅਤੇ ਪ੍ਰਸਿੱਧ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਵਿਰਕ ਨਵੀਂ ਪੰਜਾਬੀ ਕਵਿਤਾ ਦਾ ਉੱਘਾ ਹਸਤਾਖ਼ਰ ਹੈ। ਪੰਜਾਬੀ ਕਵਿਤਾ ਦੇ ਖੇਤਰ ਵਿੱਚ ਉਸਨੇ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਉਸਦੀ ਕਾਵਿ-ਪੁਸਤਕ ‘ਪੌਣ, ਪਾਣੀ ਤੇ ਰੇਤ’ ਉੱਪਰ ਵਿਚਾਰ-ਚਰਚਾ ਕਰਨ ਲਈ ਪ੍ਰਸਿੱਧ ਕਹਾਣੀਕਾਰ ਅਤੇ ਸ਼ਾਇਰ ਸੰਤੋਖ ਮਿਨਹਾਸ ਅਤੇ ਨਾਮਵਰ ਸ਼ਾਇਰ ਤੇ ਜ਼ਿਲ੍ਹਾ ਭਾਸ਼ਾ-ਅਫ਼ਸਰ ਮਨਜੀਤ ਪੁਰੀ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ। ਇਸ ਸਮਾਗਮ ਦੌਰਾਨ ਗਲੋਬਲ ਪੰਜਾਬੀ ਪਬਲੀਕੇਸ਼ਨ, ਸੈਂਟਰਲ ਵੈਲੀ, ਕੈਲੀਫ਼ੋਰਨੀਆ ਵੱਲੋਂ ਮੁੱਖ ਸੰਪਾਦਕ ਸੰਤੋਖ ਮਿਨਹਾਸ ਅਤੇ ਸੰਪਾਦਕ ਅਵਤਾਰ ਗੋਂਦਾਰਾ ਦੀ ਯੋਗ ਸੰਪਾਦਨਾ ਹੇਠ ਛਪਣੇ ਸ਼ੁਰੂ ਹੋਏ ਪੰਜਾਬੀ ਦੇ ਮਿਆਰੀ ਮੈਗਜੀਨ ‘ਪੰਜਾਬੀਅਤ’ ਦਾ ਪਹਿਲਾ ਅੰਕ ਵੀ ਰਿਲੀਜ਼ ਕੀਤਾ ਜਾਵੇਗਾ। ਇਸ ਪਰਚੇ ਦੇ ਸੰਪਾਦਕ ਅਵਤਾਰ ਗੋਂਦਾਰਾ ਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਇਸ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ 27 ਜਨਵਰੀ, ਦਿਨ ਸੋਮਵਾਰ ਨੂੰ ਸਵੇਰੇ ਠੀਕ 10:00 ਵਜੇ, ਸਥਾਨਕ ਬੀ.ਪੀ.ਈ.ਓ. ਦਫ਼ਤਰ-ਹਾਲ, ਡਾਕਖ਼ਾਨੇ ਵਾਲੀ ਗਲੀ, ਨੇੜੇ ਲਾਈਟਾਂ ਵਾਲਾ ਚੌਂਕ, ਕੋਟਕਪੂਰਾ ਵਿਖੇ ਕਰਵਾਏ ਜਾ ਰਹੇ ਇਸ ਸਮਾਗਮ ਦੌਰਾਨ ਹਾਜ਼ਰ ਸ਼ਾਇਰ ਅਤੇ ਕਵੀ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਉਣਗੇ। ਸ਼ਬਦ-ਸਾਂਝ ਮੰਚ ਦੀ ਸਮੁੱਚੀ ਟੀਮ ਵੱਲੋਂ ਇਲਾਕੇ ਦੇ ਸਮੂਹ ਸਾਹਿਤ ਅਤੇ ਕਲਾ-ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਲਈ ਨਿੱਘਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜੀਤ ਸਿੰਘ ਸੰਧੂ, ਸਰਪ੍ਰਸਤ ਗੁਰਿੰਦਰ ਸਿੰਘ ਕੋਟਕਪੂਰਾ, ਲੋਕ-ਗਾਇਕ ਇੰਦਰ ਮਾਨ, ਉਦੇ ਰੰਦੇਵ, ਰਜਿੰਦਰ ਸਿੰਘ ਡਿੰਪਾ, ਗੁਰਬਚਨ ਭੁੱਲਰ, ਭੁਪਿੰਦਰ ਪਰਵਾਜ਼, ਰਾਜਕੁਮਾਰੀ ਅਸ਼ਕਪ੍ਰੀਤ ਕੌਰ ਆਦਿ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।

