ਦੇਸ਼ ਦੇ ਗਣਤੰਤਰ ਦਿਵਸ ਦੀ ਪੌਣੀ ਸਦੀ ਬਾਅਦ ਵੀ ਛੋਟੇ ਮੁਲਾਜ਼ਮਾਂ ਦੇ ਹਾਲਾਤ ਬਦ ਤੋਂ ਬਦਤਰ ਹੋਏ : ਢੁੱਡੀ/ਸਹੋਤਾ
ਅੱਜ ਤਿਰੰਗਾ ਝੰਡਾ ਲਹਿਰਾਉਣ ਮੌਕੇ ਦਿੱਤਾ ਜਾਵੇਗਾ ਮੰਗ ਪੱਤਰ
ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
“ਦੇਸ਼ ਵਿਚ ਸੰਵਿਧਾਨ ਲਾਗੂ ਹੋਣ ਅਤੇ ਭਾਰਤ ਦੇ ਗਣਤੰਤਰ ਬਨਣ ਦੇ ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਗਰੀਬ ਲੋਕਾਂ ਦੇ ਹਾਲਾਤ ਚੰਗੇ ਹੋਣ ਦੀ ਬਜਾਏ ਬਦ ਤੋਂ ਬਦਤਰ ਹੋ ਰਹੇ ਹਨ।” ਇਹ ਸ਼ਬਦ ਅੱਜ ਸਥਾਨਕ ਮਿਨੀ ਸਕੱਤਰੇਤ ਵਿਖੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਮੌਕੇ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਜ਼ਿਲਾ ਫਰੀਦਕੋਟ ਦੇ ਜਿਲਾ ਪ੍ਰਧਾਨ ਇਕਬਾਲ ਸਿੰਘ ਢੁੱਡੀ ਅਤੇ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ ਨੇ ਕਹੇ। ਉਨਾ ਦੱਸਿਆ ਕਿ ਜਿਸ ਭਗਵੰਤ ਮਾਨ ਸਰਕਾਰ ਨੂੰ ਮੁਲਾਜ਼ਮਾਂ ਨੇ ਬੜੀ ਮਿਹਨਤ ਅਤੇ ਆਸ-ਉਮੀਦ ਨਾਲ ਵੋਟਾਂ ਪਾ ਕੇ ਰਾਜਭਾਗ ਦੇ ਮਾਲਕ ਬਣਾਇਆ ਸੀ, ਉਹੀ ਸਰਕਾਰ ਛੋਟੇ ਮੁਲਾਜ਼ਮਾਂ ਦੇ ਗਲ ‘ਤੇ ਅੰਗੂਠਾ ਦੇਣ ਦੀ ਨੀਤੀ ਤੇ ਉਤਰ ਆਈ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਕਿਸੇ ਵੀ ਵਿਭਾਗ ਵਿੱਚ 1992 ਤੋਂ ਬਾਅਦ ਦਰਜਾ ਚਾਰ ਮੁਲਾਜ਼ਮਾਂ ਦੀ ਪੱਕੀ ਭਰਤੀ ਨਹੀਂ ਕੀਤੀ ਗਈ ਅਤੇ ਠੇਕਾ ਜਾਂ ਆਊਟਸੋਰਸ ਸਿਸਟਮ ਤਹਿਤ ਨਿਗੂਣੀਆਂ ਤਨਖਾਹਾਂ ਤੇ ਲੱਖਾਂ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਤੰਬਰ 2019 ਦੇ ਬਾਅਦ ਘੱਟੋ ਘੱਟ ਉਜਰਤਾਂ ਵਿੱਚ ਕੋਈ ਯੋਗ ਵਾਧਾ ਨਹੀਂ ਕੀਤਾ ਗਿਆ ਜਦਕਿ ਇਸ ਅਰਸੇ ਦੌਰਾਨ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ। ਭੁੱਖ ਹੜਤਾਲ ਤੇ ਜ਼ਿਲਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਤੋਂ ਇਲਾਵਾ ਮੈਡੀਕਲ ਕਾਲਜ ਦੇ ਸੁਖਵਿੰਦਰ ਸਿੰਘ, ਮੰਡੀ ਬੋਰਡ ਦੇ ਜੋਤੀ ਪ੍ਰਕਾਸ਼, ਨਹਿਰੀ ਵਿਭਾਗ ਦੇ ਰਮੇਸ਼ ਢੈਪਈ ਆਦਿ ਭੁੱਖ ਹੜਤਾਲ ਤੇ ਬੈਠੇ। ਭਰਾਤਰੀ ਜੱਥੇਬੰਦੀਆਂ ਵੱਲੋਂ ਪੈਨਸ਼ਨਰ ਆਗੂ ਅਸ਼ੋਕ ਕੌਸ਼ਲ, ਪੈਰਾ ਮੈਡੀਕਲ ਆਗੂ ਪ੍ਰਦੀਪ ਬਰਾੜ, ਕੁਲ ਹਿੰਦ ਕਿਸਾਨ ਸਭਾ ਦੇ ਸੁਖਜਿੰਦਰ ਸਿੰਘ ਤੂੰਬੜਭੰਨ ਨੇ ਸੰਬੋਧਨ ਕਰਦੇ ਹੋਏ ਮੁਲਾਜ਼ਮ ਮੰਗਾਂ ਦੀ ਹਮਾਇਤ ਕੀਤੀ। ਇੱਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ 2016 ਦੀ ਨੀਤੀ ਤਹਿਤ ਸਭ ਵਿਭਾਗਾਂ ਦੇ ਠੇਕਾ, ਵਰਕਚਾਰਜ, ਆਊਟਸੋਰਸ ਅਤੇ ਪਾਰਟ ਟਾਈਮ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਤੇ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੇਅ ਕਮਿਸ਼ਨ ਅਤੇ ਮਹਿੰਗਾਈ ਭੱਤੇ ਦੇ ਬਕਾਏ ਦਿੱਤੇ ਜਾਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਕੁਲਬੀਰ ਸਿੰਘ ਸਰਾਵਾਂ ਜਿਲਾ ਪ੍ਰਧਾਨ ,ਪਸ਼ੂ ਪਾਲਣ ਵਿਭਾਗ, ਸ਼ਿਵਨਾਥ ਦਰਦੀ, ਕਸ਼ਮੀਰ ਸਿੰਘ, ਰਵਿੰਦਰ ਕੁਮਾਰ, ਕਾਕਾ ਸਿੰਘ, ਪਰਮਜੀਤ ਸਿੰਘ ਪੰਮਾ, ਰਣਜੀਤ ਸਿੰਘ, ਗੁਰਮੀਤ ਸਿੰਘ, ਨਰਿੰਦਰ ਸਿੰਘ, ਰਾਮ ਕਿਸ਼ੋਰ, ਜਗਦੇਵ ਸਿੰਘ, ਬਾਬੂ ਲਾਲ ਆਦਿ ਹਾਜ਼ਰ ਸਨ।
