ਵੋਟ ਸਾਡਾ ਹੱਕ ਅਤੇ ਸਾਡੀ ਤਾਕਤ ਹੈ, ਇਸ ਦੀ ਵਰਤੋਂ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਕਰੋ : ਬੀ.ਐੱਲ.ਓ.
ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼’)
ਸਰਕਾਰੀ ਹਾਈ ਸਕੂਲ ਮੁਹੱਲਾ ਸੁਰਗਾਪੁਰੀ ਵਿਖੇ ਪਿ੍ਰੰਸੀਪਲ ਮਨੀਸ਼ ਛਾਬੜਾ ਜੀ ਦੀ ਅਗਵਾਈ ਹੇਠ ਬੀ.ਐੱਲ.ਓਜ਼. ਜਗਸੀਰ ਸਿੰਘ ਅਤੇ ਇਕਬਾਲ ਸਿੰਘ ਦੀ ਹਾਜਰੀ ਵਿੱਚ ਕੌਮੀ ਵੋਟਰ ਦਿਵਸ ਮਨਾਇਆ ਗਿਆ। ਆਪਣੇ ਸੰਬੋਧਨ ਦੌਰਾਨ ਬੀ.ਐੱਲ.ਓ. ਜਗਸੀਰ ਸਿੰਘ ਨੇ ਆਖਿਆ ਕਿ 1950 ਵਿੱਚ ਚੋਣ ਕਮਿਸ਼ਨ ਦੀ ਸਥਾਪਨਾ ਦੇ ਦਿਨ ਨੂੰ ਕੌਮੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਇਹ ਦਿਵਸ ਮਨਾਉਣ ਦੀ ਪ੍ਰੰਪਰਾ ਸਾਲ 2011 ਵਿੱਚ ਸ਼ੁਰੂ ਹੋਈ ਸੀ ਅਤੇ ਅੱਜ ਅਸੀਂ 15ਵਾਂ ਕੌਮੀ ਵੋਟਰ ਦਿਵਸ ਮਨਾ ਰਹੇ ਹਾਂ। ਉਹਨਾਂ ਆਖਿਆ ਕਿ ਇਸ ਦਾ ਮੁੱਖ ਉਦੇਸ਼ ਹੈ ਕਿ ਲੋਕਤੰਤਰ ਪ੍ਰਤੀ ਸਾਡੀ ਜਿੰਮੇਵਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਬੀ.ਐੱਲ.ਓ. ਇਕਬਾਲ ਸਿੰਘ ਨੇ ਕਿਹਾ ਕਿ ਵੋਟ ਬਣਾਉਣਾ ਹੀ ਨਹੀਂ, ਸਗੋਂ ਵੋਟ ਪੋਲ ਕਰਨਾ ਵੀ ਲਾਜ਼ਮੀ ਹੈ। ਉਹਨਾਂ ਕਿਹਾ ਕਿ ਇਹ ਸਾਡਾ ਹੱਕ ਹੈ ਅਤੇ ਇਹ ਸਾਡੀ ਤਾਕਤ ਵੀ ਹੈ, ਸਾਨੂੰ ਆਪਣੇ ਵੋਟ ਹੱਕ ਦੀ ਵਰਤੋਂ ਬਿਨਾਂ ਜਾਤ-ਪਾਤ, ਧਰਮ, ਭਾਈਚਾਰੇ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਕਰਨਾ ਚਾਹੀਦਾ ਹੈ। ਇਸ ਮੌਕੇ ਸਮੂਹ ਹਾਜ਼ਰੀਨ ਵਲੋਂ ਵੋਟਰ ਪ੍ਰਣ ਵੀ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸਵਾਗਤ ਗੀਤ ਨਾਲ ਕੀਤੀ ਗਈ। ਵੋਟਰ ਦਿਵਸ ਦੇ ਸਬੰਧ ਵਿੱਚ ਵਿਦਿਆਰਥੀਆਂ ਦੇ ਵੱਖ-ਵੱਖ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਪਹਿਲਾ ਸਥਾਨ ਪ੍ਰੇਮਦੀਪ ਨੋਵੀਂ ਸੀ ਕਲਾਸ, ਨਕੁਲ ਅੱਠਵੀਂ ‘ਬੀ’ ਦੂਜਾ ਅਤੇ ਵਰਿੰਦਰ ਅੱਠਵੀਂ ‘ਸੀ’ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਮਾ. ਰਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਮੈਡਮ ਮੀਨੂੰ ਦਹੀਆ, ਮੈਡਮ ਵੀਰਪਾਲ ਕੌਰ, ਮੈਡਮ ਰਮਨਦੀਪ ਕੌਰ, ਮੈਡਮ ਪਵਨਦੀਪ ਕੌਰ, ਕੈਂਪਸ ਮੈਨੇਜਰ ਸਮੇਤ ਮਨਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।