ਫਾਜ਼ਿਲਕਾ,28 ਜਨਵਰੀ (ਬਿਊਰੋ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੀਆ ਦੋ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਲੀਡਰਾਂ ਦੀ ਲਗਾਤਾਰ ਹੁੰਦੀ ਦਲ ਬਦਲੀ ਕਾਰਨ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਨੂੰ ਦੇਖਦੇ ਹੋਏ ਇੱਕ ਤੋਂ ਦੂਜੀ ਪਾਰਟੀ ਚ ਛਾਲ ਮਾਰਨ ਲੱਗਿਆਂ ਆਪਣੇ ਕਿਰਦਾਰ ਅਤੇ ਵਫਾਦਾਰੀਆਂ ਨੂੰ ਤਿਲਾਂਜਲੀ ਦੇਣ ਲੱਗਿਆਂ ਇੱਕ ਪਲ ਦੀ ਦੇਰੀ ਕਰਨਾ ਵੀ ਪਸੰਦ ਨਹੀਂ ਕਰਦੇ ਅਤੇ ਸੱਤਾ ਤੋਂ ਲਾਂਭੇ ਹੋਈਆਂ ਇਹ ਰਾਜਨੀਤਿਕ ਪਾਰਟੀਆਂ ਵੀ ਬਿਨਾਂ ਕਿਸੇ ਦਾ ਕਿਰਦਾਰ ਦੇਖੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਨ ਲਈ ਕਾਹਲੀਆਂ ਦਿਖਾਈ ਦੇ ਰਹੀਆਂ ਹਨ।
ਐਸਾ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਪ੍ਰਸਿੱਧ ਪਿੰਡ ਚੱਕ ਜਾਨੀਸਰ ਛੀਬਿਆਂ ਵਾਲੀ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਇੱਕ ਅਪਰਾਧੀ ਬਿਰਤੀ ਵਾਲੇ ਗੁਰਜਿੰਦਰ ਸਿੰਘ ਮਾਨ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਜ਼ਾਰਤ ਸਮੇਂ ਚੇਅਰਮੈਨ ਰਹੇ ਦਵਿੰਦਰ ਸਿੰਘ ਮਾਨ (ਬੱਬਲ) ਦਾ ਚਚੇਰਾ ਭਰਾ ਹੈ,ਨਾਮਕ ਲੀਡਰ ਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ। ਦੱਸਣਾ ਬਣਦਾ ਹੈ ਕਿ ਗੁਰਜਿੰਦਰ ਸਿੰਘ ਮਾਨ 2018 ਦੇ ਇੱਕ ਮਾਮਲੇ ਵਿੱਚ ਉਕਤ ਵੱਲੋਂ ਆਪਣੇ ਇੱਕ ਸਾਥੀ ਰਾਏਕੋਟ ਥਾਣੇ ਦੇ ਤਤਕਾਲੀਨ ਐਸਐਚ ਓ ਕੁਲਦੀਪ ਸਿੰਘ ਅਤੇ ਬਠਿੰਡਾ ਵਿਖੇ ਨਰਸ ਦਾ ਕੰਮ ਕਰਨ ਵਾਲੀ ਇਸਦੀ ਇੱਕ ਹੋਰ ਮਿੱਤਰ ਇੰਦਰਜੀਤ ਕੌਰ ਉਰਫ ਅਮਨ ਨਾਲ ਮਿਲ ਕੇ ਪੀੜ੍ਹਤ ਬਲਕਾਰ ਸਿੰਘ ਤੋਂ ਬਲੈਕਮੇਲ ਕਰਦਿਆਂ 28 ਲੱਖ ਰੁਪਏ ਜ਼ਬਰੀ ਵਸੂਲੀ ਕਾਰਨ ਲੁਧਿਆਣਾ ਦੀ ਇੱਕ ਅਦਾਲਤ ਨੇ ਪਿਛਲੇ ਦਿਨੀਂ ਗੁਰਜਿੰਦਰ ਸਿੰਘ ਮਾਨ ਨੂੰ 4 ਸਾਲ ਕੈਦ ਤੋਂ ਇਲਾਵਾ ਜ਼ੁਰਮਾਨਾ ਵੀ ਦੇਣ ਦੇ ਹੁਕਮ ਦਿੱਤੇ ਹਨ। ਸਿਰਫ਼ ਇਹ ਇੱਕ ਮਾਮਲਾ ਹੀ ਨਹੀਂ ਗੁਰਜਿੰਦਰ ਸਿੰਘ ਮਾਨ ਤੇ ਹੋਰ ਵੀ 302 ,26, 307, S C ACT ਦੀਆ ਧਾਰਾ ਅਧੀਨ ਹੋਰ ਵੀ ਕਈ ਸੰਗੀਨ ਮਾਮਲੇ ਦਰਜ ਹਨ।
ਜ਼ਿਕਰ ਯੋਗ ਹੈ ਕਿ ਉਕਤ ਗੁਰਜਿੰਦਰ ਸਿੰਘ, ਦਵਿੰਦਰ ਸਿੰਘ ਬੱਬਲ ਅਤੇ ਇਹਨਾ ਦਾ ਪਰਿਵਾਰ ਕਿਸੇ ਸਮੇਂ ਟਕਸਾਲੀ ਅਕਾਲੀ ਪਰਿਵਾਰ ਕਹਾਉਂਦਾ ਸੀ ਅਤੇ ਉਸ ਵੇਲੇ ਦੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਇਸ ਪਰਿਵਾਰ ਨੇ ਚੇਅਰਮੈਨੀਆਂ ਅਤੇ ਹੋਰ ਕਈ ਮਲਾਈਦਾਰ ਅਹੁਦੇ ਹੰਡਾਏ ਹਨ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਹ ਉਪਰੋਕਤ ਲੀਡਰ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਰੋਟੀ ਪਏ ਤੇ ਮੋਟੀ ਚੱਲ ਅਚੱਲ ਜਾਇਦਾਦ ਵੀ ਬਣਾਈ ਹੈ। ਪਰ 2022 ਵਿੱਚ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਜਦੋਂ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਕਾਰਨ ਪੂਰੀ ਅਕਾਲੀ ਪਾਰਟੀ ਨਮੋਸ਼ੀ ਝੱਲ ਰਹੀ ਸੀ ਤਾਂ ਗੁਰਜਿੰਦਰ ਸਿੰਘ ਮਾਨ ਉਕਤ ਵਿਅਕਤੀ ਨੇ ਅਕਾਲੀਆਂ ਪ੍ਰਤੀ ਆਪਣੀ ਵਫਾਦਾਰੀ ਨੂੰ ਤਿਲਾਂਜਲੀ ਦਿੰਦਿਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਗੁਲਦਸਤਾ ਦੇ ਕੇ ਵਧਾਈ ਦਿੰਦਿਆਂ ਆਮ ਆਦਮੀਂ ਪਾਰਟੀ ਨਾਲ ਨੇੜਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਜਿਸ ਕਰਕੇ ਇਸਦੀ ਨਾ ਸਿਰਫ ਅਕਾਲੀ ਪਾਰਟੀ ਵਿੱਚ ਬਲਕਿ ਆਸ ਪਾਸ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਕਾਫੀ ਥੂ ਥੂ ਹੋਈ ਸੀ ਅਤੇ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਆਮ ਆਦਮੀ ਪਾਰਟੀ ਨੇ ਵੀ ਉਕਤ ਨੂੰ ਬਹੁਤਾ ਮੂੰਹ ਲਾਉਣਾ ਠੀਕ ਨਹੀਂ ਸਮਝਿਆ। ਪਿੱਛੇ ਜਿਹੇ ਹੋਈ ਪਿੰਡ ਦੀ ਸਰਪੰਚੀ ਦੀ ਚੋਣ ਚ ਬੁਰੀ ਤਰ੍ਹਾਂ ਨਾਲ਼ ਹਾਰਨ ਤੋ ਬਾਅਦ ਗੁਰਜਿੰਦਰ ਸਿੰਘ ਮਾਨ ਤੇ ਦਵਿੰਦਰ ਸਿੰਘ ਮਾਨ ਨਾਮਕ ਇਹਨਾ ਆਗੂਆਂ ਵੱਲੋਂ ਦੂਜੀ ਛਾਲ ਮਾਰਦਿਆਂ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਹਾਜਰੀ ਵਿੱਚ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹੈ ।ਚੰਗੇ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਮਾਂ ਪਾਰਟੀ ਕਹਿਣ ਵਾਲੇ ਅਤੇ ਬੁਰੇ ਵਕਤ ਉਸੇ ਮਾਂ ਪਾਰਟੀ ਦੀ ਪਿੱਠ ਚ ਛੁਰਾ ਮਾਰਨ ਵਾਲੇ ਇਹ ਆਗੂ ਅੱਗੇ ਕਾਂਗਰਸ ਚ ਕਿਹੜੇ ਰੰਗ ਦਿਖਾਉਂਦੇ ਨੇ ਇਹ ਅੱਗੇ ਸਮਾਂ ਦੱਸੇਗਾ।