ਕੋਟਕਪੂਰਾ, 28 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਗਣਤੰਤਰ ਦਿਵਸ, ਆਜ਼ਾਦੀ ਦਿਹਾੜੇ ਅਤੇ ਹੋਰ ਵਿਸ਼ੇਸ਼ ਸਮਾਗਮਾਂ ਮੌਕੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਪਣੀ ਵਿਲੱਖਣ ਕਾਰਜ ਕੁਸ਼ਲਤਾ ਰਾਹੀਂ ਸਮਾਜ ਵਿੱਚ ਕੁਝ ਖਾਸ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ। ਇਸੇ ਲਈ ਇਸ ਵਾਰ ਜ਼ਿਲ੍ਹਾ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਸਰਕਾਰੀ ਡਿਗਰੀ ਕਾਲਜ ਕੋਟਕਪੂਰਾ ਤੋਂ ਸੇਵਾਮੁਕਤ ਮੁਖੀ ਸੰਗੀਤ ਵਿਭਾਗ ਅਤੇ ਨਾਮਵਰ ਸ਼ਾਸਤਰੀ ਸੰਗੀਤਕਾਰ ਪ੍ਰੋਫੈਸਰ ਅਰੁਣਾ ਰੰਦੇਵ ਜ਼ਿਨਾ ਨੇ ਨਾ ਕੇਵਲ ਕੋਟਕਪੂਰਾ, ਫਰੀਦਕੋਟ, ਪੰਜਾਬ, ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਸ਼ਾਸਤਰੀ ਸੰਗੀਤ ਰਾਹੀਂ ਸੰਗੀਤ ਦਾ ਪ੍ਰਚਾਰ ਕੀਤਾ ਹੈ, ਓਹ ਸਨਮਾਨਯੋਗ ਸ਼ਖ਼ਸੀਅਤ ਪ੍ਰੋਫੈਸਰ ਅਰੁਣਾ ਰੰਦੇਵ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਪ੍ਰੋ. ਅਰੁਣਾ ਰੰਦੇਵ, ਜਿਨ੍ਹਾਂ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨੂਰਮਹਿਲ ਵਿੱਚ ਹੋਇਆ ਨੇ ਆਪਣੇ ਮਰਹੂਮ ਮਾਤਾ-ਪਿਤਾ ਓਸ ਸਮੇਂ ਦੇ ਮਸ਼ਹੂਰ ਸੁਤੰਤਰਤਾ ਸੈਨਾਨੀ ਪੰਡਿਤ ਕੁੰਜ ਲਾਲ ਅਤੇ ਜਾਨਕੀ ਦੇਵੀ ਤੋਂ ਸ਼ਾਸਤਰੀ ਸੰਗੀਤ ਦੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ, ਉਹਨਾਂ ਆਪਣੇ ਨੌਂ ਭੈਣ ਭਰਾਵਾਂ ਚ ਸਭ ਤੋਂ ਵੱਡੇ ਭਰਾ ਸ਼ਾਸਤਰੀ ਸੰਗੀਤ ਦੇ ਮਾਹਰ ਸਵਰਗੀ ਪੰਡਿਤ ਮਨੋਹਰ ਲਾਲ ਸਹਿਜਪਾਲ (ਸੇਵਾਮੁਕਤ ਪ੍ਰਿੰਸੀਪਲ) ਤੋਂ ਉਚੇਰੀ ਸ਼ਾਸਤਰੀ ਸੰਗੀਤ ਸਿੱਖਿਆ ਪ੍ਰਾਪਤ ਕੀਤੀ। ਪ੍ਰੋ. ਅਰੁਣਾ ਰੰਦੇਵ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਅਤੇ ਮੋਹਰੀ ਸੀ ਅਤੇ ਹਮੇਸ਼ਾ ਹਰ ਜਮਾਤ ਵਿੱਚ ਅੱਵਲ ਰਹੇ। ਪ੍ਰੋ. ਅਰੁਣਾ ਰੰਦੇਵ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਫਿਲ ਦੀ ਪੜ੍ਹਾਈ ਵਿੱਚ ਗੋਲਡ ਮੈਡਲਿਸਟ ਹਨ। ਓਹ ਅੱਜ ਵੀ ਸੰਗੀਤ, ਪੰਜਾਬ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ।ਅੱਜ ਇਸ ਮੁਕਾਮ ‘ਤੇ ਪਹੁੰਚਣ ਦਾ ਸਿਹਰਾ ਆਪਣੇ ਮਾਤਾ-ਪਿਤਾ, ਵੱਢੇ ਭਰਾ ਭੈਣਾਂ, ਗੁਰੂਆਂ ਅਤੇ ਆਪਣੇ ਸੇਵਾਮੁਕਤ ਇੰਜੀਨੀਅਰ ਪਤੀ ਸਤੀਸ਼ ਰੰਦੇਵ ਨੂੰ ਹੈ ਕਿਉਂਕਿ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਦੇ ਸਹਿਯੋਗ ਸਦਕਾ ਹੀ ਆਪਣੀ ਪੜ੍ਹਾਈ ਨੂੰ ਅਤੇ ਉਚੇਰੀ ਸਿੱਖਿਆ ਨੂੰ ਅੱਗੇ ਵਧਾ ਸਕੇ ਹਨ। ਅੱਜ ਓਹਨਾ ਦੇ ਸ਼ਗਿਰਦ ਵੀ ਪੂਰੀ ਦੁਨੀਆ ਵਿਚ ਫੈਲੇ ਹੋਏ ਹਨ ਅਤੇ ਸੰਗੀਤਕ ਪਿਆਰ ਵੰਡ ਰਹੇ ਹਨ, ਜਿਨ੍ਹਾਂ ਵਿਚ ਮਰਹੂਮ ਦਿਲਸ਼ਾਦ ਅਖਤਰ, ਮਨਪ੍ਰੀਤ ਅਖਤਰ, ਸੂਫੀ ਗਾਇਕ ਕਨਵਰ ਗਰੇਵਾਲ, ਰਾਜਪਾਲ ਸਿੰਘ (ਦਿੱਲੀ ਯੂਨੀਵਰਸਿਟੀ), ਦਿਲਬਾਗ ਸਿੰਘ ਬਾਗੂ, ਸਿਕੰਦਰ ਸਲੀਮ, ਰਵਨੀਤ ਕੌਰ, ਸਾਧੂ ਸਿੰਘ, ਪਰਮ ਢਿੱਲੋਂ (ਮੁੰਬਈ ਫਿਲਮ ਇੰਡਸਟਰੀ), ਅਤੇ ਹੋਰ ਬਹੁਤ ਸਾਰੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ। ਉਸ ਨੇ ਕਿਹਾ ਕਿ ਉਹ ਆਪਣੇ ਪੰਜਾਬ ਅਤੇ ਦੇਸ਼ ਦੀ ਮਿੱਟੀ, ਫ਼ਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਪਣੇ ਸਰੋਤਿਆਂ ਦੇ ਸਦਾ ਰਿਣੀ ਹਨ, ਜਿਨ੍ਹਾਂ ਦੀ ਬਦੌਲਤ ਅੱਜ ਉਹ ਦੁਨੀਆਂ ਵਿੱਚ ਇਹ ਉਚ ਸਥਾਨ ਬਣਾਉਣ ਵਿੱਚ ਕਾਮਯਾਬ ਹੋਏ ਹਨ।
