ਪ੍ਰੋ. ਕੁਲਵੰਤ ਔਜਲਾ ਨੇ ਕੀਤੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ
ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ ਸ਼ਬਦ-ਸਾਂਝ, ਕੋਟਕਪੂਰਾ ਵੱਲੋਂ ਪੰਜਾਬੀ ਦੇ ਨਾਮਵਰ ਕਵੀ ਕੁਲਵਿੰਦਰ ਵਿਰਕ ਦੀ ਨਵੀਂ ਕਾਵਿ-ਪੁਸਤਕ “ਪੌਣ,ਪਾਣੀ ਤੇ ਰੇਤ” ਬਾਰੇ ਵਿਚਾਰ-ਚਰਚਾ ਕਰਨ ਲਈ ਇੱਕ ਬੇਹੱਦ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਥਾਨਕ ਬੀਪੀਈਓ ਦਫ਼ਤਰ-ਹਾਲ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਪ੍ਰਸਿੱਧ ਸ਼ਾਇਰ, ਵਿਦਵਾਨ ਅਤੇ ਚਿੰਤਕ ਪ੍ਰੋ.ਕੁਲਵੰਤ ਸਿੰਘ ਔਜਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੰਚ-ਸੰਚਾਲਨ ਦੀ ਭੂਮਿਕਾ ਪ੍ਰਸਿੱਧ ਚਿੱਤਰਕਾਰ ਅਤੇ ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਨਿਭਾਉਂਦਿਆਂ ਸਭ ਹਾਜ਼ਰੀਨ ਨੂੰ ਜੀ ਆਇਆ ਕਿਹਾ। ਵਿਚਾਰ-ਚਰਚਾ ਦਾ ਆਰੰਭ ਅਮਰੀਕਾ ਰਹਿੰਦੇ ਉੱਘੇ ਸ਼ਾਇਰ ਅਤੇ ਕਹਾਣੀਕਾਰ ਸੰਤੋਖ ਮਿਨਹਾਸ ਨੇ ਕਰਦਿਆਂ ਕਿਹਾ ਕਿ ਕੁਲਵਿੰਦਰ ਵਿਰਕ ਦੀ ਕਵਿਤਾ ਨੂੰ ਨਵੀਂ ਪੰਜਾਬੀ ਕਵਿਤਾ ਦੀ ਪ੍ਰਤੀਨਿੱਧ ਕਵਿਤਾ ਕਿਹਾ ਜਾ ਸਕਦਾ ਹੈ। ਉਸ ਦੀਆਂ ਅਨੇਕਾਂ ਕਵਿਤਾਵਾਂ ਅਜਿਹੀਆਂ ਹਨ, ਜਿੰਨ੍ਹਾਂ ਨੂੰ ਵਾਰ-ਵਾਰ ਪੜ੍ਹਨ ਨੂੰ ਦਿਲ ਕਰਦਾ ਹੈ। ਇਸ ਮੌਕੇ ਵਿਸ਼ੇਸ਼ ਬੁਲਾਰੇ ਵਜੋਂ ਇਸ ਕਾਵਿ-ਸੰਗ੍ਰਹਿ ਬਾਰੇ ਵਿਚਾਰ-ਚਰਚਾ ਕਰਦਿਆਂ ਪ੍ਰਸਿੱਧ ਸ਼ਾਇਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਕਿਹਾ ਕਿ ਵਿਰਕ ਇੱਕ ਅਜਿਹਾ ਸੰਵੇਦਨਸ਼ੀਲ ਕਵੀ ਹੈ, ਜਿਸ ਨੂੰ ਪੰਜਾਬ ਅਤੇ ਪਿੰਡਾਂ ਅੰਦਰ ਲਗਾਤਾਰ ਬਦਲ ਰਹੇ ਵਰਤਾਰੇ ਦੀ ਚਿੰਤਾ ਵੀ ਹੈ ਅਤੇ ਅਤੇ ਉਹ ਇਸ ਵਰਤਾਰੇ ਪ੍ਰਤੀ ਚਿੰਤਨਸ਼ੀਲ ਵੀ ਹੈ। ਘਰ ਅਤੇ ਪਿੰਡ ਉਸਦੀ ਕਵਿਤਾ ਦੇ ਕੇਂਦਰੀ ਧੁਰੇ ਹਨ। ਘਰ ਅਤੇ ਪਿੰਡ ਦੀ ਗੱਲ ਕਰਦਾ ਹੋਇਆ ਉਹ ਸਮੁੱਚੇ ਮਾਨਵੀ-ਰਿਸ਼ਤਿਆਂ, ਪੰਜਾਬ ਦੀ ਅਜੋਕੀ ਸਥਿਤੀ ਅਤੇ ਪਰਵਾਸ ਬਾਰੇ ਵੀ ਆਪਣੀ ਕਵਿਤਾ ਅੰਦਰ ਸਫ਼ਲਤਾਪੂਰਵਕ ਗੱਲ ਕਰਦਾ ਹੈ। ਯਕੀਨਨ ਉਹ ਪੰਜਾਬੀ ਦੇ ਸਥਾਪਿਤ ਕਵੀਆਂ ਦੀ ਕਤਾਰ ਵਿੱਚ ਖੜ੍ਹਾ ਨਜ਼ਰ ਆਉਂਦਾ ਹੈ। ਗਜ਼ਲਗੋ ਸੁਰਿੰਦਰਪ੍ਰੀਤ ਘਣੀਆ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕੁਲਵਿੰਦਰ ਵਿਰਕ ਨੂੰ ‘ਏਕਮ’ ਮੈਗਜ਼ੀਨ ਵਿੱਚ ਸ਼ਾਇਰ ਵਿਸ਼ੇਸ਼ ਵਜੋਂ ਸਥਾਨ ਮਿਲਣਾ ਉਸਦੀ ਪ੍ਰਸਿੱਧੀ ਅਤੇ ਗਹਿਰੇ ਅਧਿਐਨ ਦਾ ਸਬੂਤ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਕਸ਼ੀਲ ਆਗੂ ਅਵਤਾਰ ਗੋਂਦਾਰਾ, ਨਾਵਲਕਾਰ ਜੀਤ ਸਿੰਘ ਸੰਧੂ, ਵਿਸ਼ਵਜੋਤੀ ਧੀਰ, ਪ੍ਰੋ. ਪ੍ਰੀਤਮ ਸਿੰਘ ਭੰਗੂ, ਜ਼ਿਲ੍ਹਾ ਖੋਜ ਅਫ਼ਸਰ ਕੰਵਲਜੀਤ ਸਿੰਘ ਸਿੱਧੂ, ਵੀਰਪਾਲ ਕੌਰ, ਗੁਰਬਚਨ ਭੁੱਲਰ ਅਤੇ ਰਜਿੰਦਰ ਡਿੰਪਾ ਤੋਂ ਇਲਾਵਾ ਰਾਜਬੀਰ ਮੱਤਾ, ਗੁਰਪਿਆਰ ਹਰੀਨ, ਪ੍ਰੀਤ ਜੱਗੀ, ਲੋਕ-ਗਾਇਕ ਇੰਦਰ ਮਾਨ, ਤਬਲਾ-ਵਾਦਕ ਐਸ਼ਵਿਨ ਸਿੰਘ, ਵਤਨਵੀਰ ਜ਼ਖ਼ਮੀ, ਬੀਰਇੰਦਰ ਸਰਾਂ, ਰਾਜ ਗਿੱਲ ਭਾਣਾ, ਲੋਕ-ਗਾਇਕ ਦਿਲਬਾਗ ਚਹਿਲ, ਭੁਪਿੰਦਰ ਪਰਵਾਜ਼, ਹਰਸੰਗੀਤ ਸਿੰਘ, ਗੁਰਵਿੰਦਰ ਦਬੜੀਖਾਨਾ, ਇਕਬਾਲ ਸਿੰਘ ਬਰਾੜ, ਬਲਜਿੰਦਰ ਭਾਰਤੀ, ਹਰਦੀਪ ਸ਼ਿਰਾਜੀ, ਗੁਰਤੇਜ ਪੱਖੀ ਕਲਾਂ, ਸੁੰਦਰ ਸਿੰਘ, ਮੇਘਰਾਜ ਸ਼ਰਮਾ, ਸਿਕੰਦਰ ਮਾਨਵ, ਸਾਧੂ ਰਾਮ ਲੰਗੇਆਣਾ, , ਸੁਖਜਿੰਦਰ ਮੁਹਾਰ, ਰਣਜੀਤ ਸਿੰਘ, ਜਸਵਿੰਦਰ ਜਸ, ਨਰਿੰਦਰ ਕੌਰ ਆਦਿ ਕਵੀਆਂ ਨੇ ਕਵੀ-ਦਰਬਾਰ ਦੌਰਾਨ ਖੂਬ ਰੰਗ ਬੰਨ੍ਹਿਆ । ਸਮੁੱਚੇ ਸਮਾਗਮ ਬਾਰੇ ਗੱਲ ਕਰਦਿਆਂ ਕਪੂਰਥਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਲੇਖਕ ਅਤੇ ਵਿਦਵਾਨ ਪ੍ਰੋ ਕੁਲਵੰਤ ਔਜਲਾ ਨੇ ਕਿਹਾ ਕਿ ਅਜਿਹੇ ਸਮਾਗਮ ਯਕੀਨਨ ਤੌਰ ‘ਤੇ ਸਾਹਿਤ ਅਤੇ ਖ਼ਾਸ ਤੌਰ ‘ਤੇ ਕਵਿਤਾ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਹਨ । ਮਾਲਵੇ ਦੇ ਇਸ ਇਲਾਕੇ ਵਿੱਚ ਅਜਿਹੇ ਨੌਜਵਾਨ ਸ਼ਾਇਰਾਂ ਦੀ ਆਮਦ ਪੰਜਾਬੀ ਕਵਿਤਾ ਲਈ ਸ਼ੁਭ ਸੰਕੇਤ ਹੈ। ਮੰਚ ਵੱਲੋਂ ਬੀਪੀਈਓ ਸ. ਸੁਰਜੀਤ ਸਿੰਘ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਅਖ਼ੀਰ ਵਿੱਚ ਨਾਵਲਕਾਰ ਜੀਤ ਸਿੰਘ ਸੰਧੂ ਨੇ ਸਭ ਸਰੋਤਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
