ਕੁਲਵਿੰਦਰ, ਜਗਜੀਤ ਨੌਸ਼ਹਿਰਵੀ ਅਤੇ ਨੀਲਮ ਲਾਜ ਸੈਣੀ ਦੀ ਟੀਮ ਕਾਰਜਕਾਰਨੀ ਲਈ ਮੁੜ ਚੁਣੀ ਗਈ
ਸਰੀ, 31 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਦੀ ਮਾਸਿਕ ਮਿਲਣੀ ਹੋਈ। ਸਭ ਤੋਂ ਪਹਿਲਾਂ ਪ੍ਰਧਾਨ ਕੁਲਵਿੰਦਰ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ ਹੋਏ ਹਾਜ਼ਰ ਮੈਂਬਰਾਂ ਨੂੰ ਪਿਛਲੇ ਵਰ੍ਹੇ ਦੀ ਕਾਨਫ਼ਰੰਸ ਦੀ ਸਫ਼ਲਤਾ ਲਈ ਵਧਾਈ ਦਿੱਤੀ। ਉਸ ਨੇ ਕਿਹਾ ਕਿ ਇਹ ਕਾਰਜ ਸਭ ਦੇ ਭਰਵੇਂ ਸਹਿਯੋਗ ਨਾਲ਼ ਹੀ ਕਾਮਯਾਬ ਰਿਹਾ। ਜਨਰਲ ਸਕੱਤਰ ਜਗਜੀਤ ਨੌਸ਼ਿਹਰਵੀ ਨੇ ਕਾਨਫਰੰਸ ਦੇ ਆਮਦਨ/ਖ਼ਰਚ ਦੀ ਪਾਰਦਰਸ਼ੀ ਰਿਪੋਰਟ ਪੇਸ਼ ਕੀਤੀ। ਜਿਸ ਦੀ ਸਭ ਵੱਲੋਂ ਸ਼ਲਾਘਾ ਕੀਤੀ ਗਈ। ਮੀਤ ਪ੍ਰਧਾਨ ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਕਿਹਾ ਕਿ ਕੁਲਵਿੰਦਰ, ਜਗਜੀਤ ਨੌਸ਼ਿਹਰਵੀ ਅਤੇ ਲਾਜ ਨੀਲਮ ਸੈਣੀ ਦੀ ਤਿੱਕੜੀ ਦੀ ਮਿਹਨਤ ਸਦਕਾ ਪਿਛਲੇ ਵਰ੍ਹੇ ਵਿਪਸਾਅ ਗੁਣਾਤਮਕ ਮਿਲਣੀਆਂ ਅਤੇ ਕਾਨਫਰੰਸ ਕਰਵਾਉਣ ਵਿੱਚ ਕਾਮਯਾਬ ਰਹੀ ਹੈ। ਇਸ ਨਿਰੰਤਰਤਾ ਨੂੰ ਬਣਾਈ ਰੱਖਣ ਅਤੇ ਵੱਡੀਆਂ ਪੁਲਾਂਘਾਂ ਪੁੱਟਣ ਲਈ ਕੁਲਵਿੰਦਰ, ਜਗਜੀਤ ਅਤੇ ਨੀਲਮ ਦੀ ਤਿੱਕੜੀ ਵਾਲੀ ਮੁੜ ਦੋ ਸਾਲ ਕਾਰਜਕਾਰਨੀ ਲਈ ਚੁਣ ਲਈ ਜਾਵੇ। ਆਰਗੇਨਾਈਜ਼ਰ ਡਾ. ਸੁਖਵਿੰਦਰ ਕੰਬੋਜ ਨੇ ਹੱਥ ਖੜ੍ਹਾ ਕਰਕੇ ਆਪਣੀ ਪ੍ਰਵਾਨਗੀ ਦਿੱਤੀ ਅਤੇ ਸਮੂਹ ਮੈਂਬਰਾਂ ਨੇ ਇਸ ਫ਼ੈਸਲੇ ਦਾ ਤਾੜੀਆਂ ਨਾਲ਼ ਸੁਆਗਤ ਕੀਤਾ।
ਕੁਲਵਿੰਦਰ ਨੇ ਸਭ ਮੈਂਬਰਾਂ ਦਾ ਇਸ ਫ਼ੈਸਲੇ ਲਈ ਇੱਕ ਵਾਰੀ ਫਿਰ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ ਵਰ੍ਹੇ ਐਸ਼ ਕੁਮ ਐਸ਼ ਅਤੇ ਮੁਕੇਸ਼ ਸ਼ਰਮਾ ਨੇ ਕਾਨਫ਼ਰੰਸ ਨੂੰ ਨੇਪਰੇ ਚਾੜ੍ਹਨ ਲਈ ਬਹੁਤ ਸਹਿਯੋਹ ਦਿੱਤਾ ਹੈ। ਉਹ ਦੋਵਾਂ ਨੂੰ ਕਾਰਜਕਾਰਨੀ ਵਿੱਚ ਸ਼ਾਮਲ ਕਰਾਂਗੇ। ਉਸ ਨੇ ਇਹ ਵੀ ਕਿਹਾ ਕਿ ਇਸ ਵਰ੍ਹੇ ਵਿਪਸਾ ਸਿਲਵਰ ਜੁਬਲੀ ’ਤੇ ਦੋ ਰੋਜ਼ਾ ਕਾਨਫ਼ਰੰਸ ਕਰਵਾਏਗੀ। ਸੁਖਦੇਵ ਸਾਹਿਲ ਨੇ ਦੱਸਿਆ ਕਿ ਉਹ ਅਕਾਦਮੀ ਦੇ ਮੈਂਬਰਾਂ ਦੀਆਂ ਗ਼ਜ਼ਲਾਂ ਅਤੇ ਗੀਤਾਂ ਦੀ ਵਿਸ਼ੇਸ਼ ਐਲਬਮ ਤਿਆਰ ਕਰੇਗਾ ਜੋ ਕਾਨਫ਼ਰੰਸ ਮੌਕੇ ਲੋਕ ਅਰਪਣ ਕੀਤੀ ਜਾਵੇਗੀ।
ਉਪਰੰਤ ਇਸ ਵਰ੍ਹੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਨੂੰ ਤਰਤੀਬ ਦਿੱਤੀ ਗਈ ਜਿਸ ਅਨੁਸਾਰ ਜਨਵਰੀ ਦੇ ਅਖ਼ੀਰਲੇ ਹਫ਼ਤੇ ਅਕਾਦਮੀ ਵੱਲੋਂ ਸਪਾਂਸਰਾਂ ਦੇ ਸਨਮਾਨ ਲਈ ਮੀਟਿੰਗ ਬੁਲਾਈ ਜਾਵੇਗੀ। ਮਾਰਚ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਵੇਗਾ। ਅਪ੍ਰੈਲ ਵਿੱਚ ਲਾਜ ਨੀਲਮ ਸੈਣੀ ਦੇ ਸਵੈ ਜੀਵਨੀ ਮੂਲਕ ਨਾਵਲ ‘ਅਲਵਿਦਾ!…ਕਦੀ ਵੀ ਨਹੀਂ’ ਅਤੇ ਮਈ ਮਹੀਨੇ ਜਗਜੀਤ ਦੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ’ਤੇ ਗੋਸ਼ਟੀ ਕਰਵਾਈ ਜਾਵੇਗੀ। ਜੂਨ ਮਹੀਨੇ ਕਹਾਣੀ ਦਰਬਾਰ ਹੋਵੇਗਾ। ਹਰਜਿੰਦਰ ਕੰਗ ਦੇ ਕਾਵਿ ਸੰਗ੍ਰਹਿ ‘ਵੇਲ ਰੁਪਏ ਦੀ ਵੇਲ’ ਅਤੇ ਸੁਰਜੀਤ ਸਖੀ ਦੀ ਕਿਤਾਬ ‘ਗੱਲ ਤਾਂ ਚੱਲਦੀ ਰਹੇਗੀ’ ਉੱਪਰ ਵਿਚਾਰ-ਵਟਾਂਦਰਾ ਵੀ ਕਰਵਾਇਆ ਜਾਵੇਗਾ ਅਤੇ ਨਵੇਂ ਵਰ੍ਹੇ ਵਿੱਚ ਦੋ ਮੀਟਿੰਗਾਂ ਡਾ. ਹੁੰਦਲ ਦੇ ਗ੍ਰਹਿ ਵਿਖੇ ਕਰਵਾਈਆਂ ਜਾਣਗੀਆਂ।
ਨਵੇਂ ਸਾਲ ਵਿੱਚ ਨਵੀਆਂ ਉਮੰਗਾਂ ਨਾਲ਼ ਪਰਵੇਸ਼ ਕਰਨ ਲਈ ਸੁਖਦੇਵ ਸਾਹਿਲ ਨੇ ਸੁਰ ਅਤੇ ਸਾਜ਼ ਨਾਲ਼ ਸਾਂਝ ਪਾਈ। ਉਸ ਨੇ ਤਾਰਾ ਸਾਗਰ ਦਾ ਗੀਤ, ਕੁਲਵਿੰਦਰ, ਜਗਜੀਤ ਅਤੇ ਪ੍ਰੋ. ਸੀਰਤ ਦੀਆਂ ਗ਼ਜ਼ਲਾਂ ਦਾ ਗਾਇਨ ਕਰਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮਿਲਣੀ ਵਿੱਚ ਸੁਖਪਾਲ ਸੰਘੇੜਾ, ਪੰਕਜ, ਅਮਰਜੀਤ ਪੰਨੂੰ, ਗੁਲਸ਼ਨ ਦਿਆਲ, ਵਿਜੈ ਸਿੰਘ, ਸੁਖਦੇਵ ਸਾਹਿਲ, ਸੋਨੂੰ ਅਤੇ ਪ੍ਰੋ. ਬਲਜਿੰਦਰ ਸਿੰਘ ਸਵੈਚ ਸ਼ਾਮਲ ਹੋਏ।
