140 ਮਰੀਜ਼ਾਂ ਦੀ ਕੀਤੀ ਗਈ ਜਾਂਚ ,26 ਮਰੀਜ਼ਾਂ ਦੀ ਕੀਤੀ ਗਈ ਆਪਰੇਸ਼ਨ ਦੇ ਲਈ ਚੋਣ
ਸੰਗਤ, 1 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮ)
ਸਮਾਜ ਦੇ ਲੋਕਾਂ ਨਾਲ ਚੱਟਾਨ ਵਾਂਗ ਖੜਾ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਲੰਬੀਆ ਪੁਲਾਂਘਾਂ ਪੁੱਟ ਰਿਹਾ ਹੈ। ਬਿਨਾਂ ਕਿਸੇ ਤਰ੍ਹਾਂ ਦਾ ਸਵਾਰਥ ਚਿਤਵਦਿਆ ਗਰੀਬ ਲੜਕੀਆਂ ਦੀ ਸ਼ਾਦੀ ਵਿੱਚ ਜਥਾ ਸੰਭਵ ਮਦਦ ਕਰਨਾ, ਵੱਧ ਤੋਂ ਵੱਧ ਪੇੜ ਪੌਦੇ ਲਗਾ ਕੇ ਉਹਨਾਂ ਦੀ ਸੰਭਾਲ ਕਰਨਾ, ਸਮੇਂ ਸਮੇਂ ਮੁਫਤ ਮੈਡੀਕਲ ਕੈਂਪਾਂ ਦਾ ਆਯੋਜਨ ਕਰਨਾ ਆਦਿ ਅਜਿਹੇ ਲੋਕ ਭਲਾਈ ਕਾਰਜ ਹਨ ਜਿਨਾਂ ਤੋਂ ਕਲੱਬ ਨਾਲ ਜੁੜੇ ਸਮੂਹ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਦੀ ਨਿੱਗਰ ਸੋਚ ਦਾ ਪ੍ਰਗਟਾਵਾ ਹੁੰਦਾ ਹੈ । ਆਪਣੀ ਐਸੀ ਹੀ ਸੋਚ ਨੂੰ ਅੱਗੇ ਤੋਰਦਿਆਂ ਮਿਤੀ 30 ਜਨਵਰੀ 2025 ਨੂੰ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਅੱਖਾਂ ਦਾ 20 ਵਾਂ ਮੁਫਤ ਜਾਂਚ ਕੈਂਪ ਜਿਲਾ ਬਠਿੰਡਾ ਦੇ ਪਿੰਡ ਜੱਸੀ ਬਾਗਵਾਲੀ ਵਿਖੇ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਕਲੱਬ ਪ੍ਰਧਾਨ ਡਾਕਟਰ ਗੁਰਜੀਤ ਚੌਹਾਨ ਨੇ ਆਪਣੀਆਂ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ। ਪ੍ਰਾਚੀਨ ਅਤੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਜੱਸੀ ਬਾਗਵਾਲ਼ੀ ਵਿਖੇ ਲੱਗੇ ਇਸ ਕੈਂਪ ਵਿਚ ਪਿੰਡ ਵਾਸੀਆਂ ਨੇ ਵੱਧ ਚੜ ਕੇ ਇਸ ਕੈਂਪ ਦਾ ਫਾਇਦਾ ਲਿਆ, ਇਸ ਕੈਂਪ ਵਿੱਚ 140 ਦੇ ਕਰੀਬ ਮਰੀਜ਼ਾਂ ਦੀ ਮੁਫਤ ਜਾਂਚ ਕਰਨ ਦੇ ਨਾਲ ਉਹਨਾਂ ਨੂੰ ਬਿਲਕੁਲ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਆਪਰੇਸ਼ਨ ਲਈ ਚੁਣੇ ਗਏ 26 ਮਰੀਜ਼ਾਂ ਦੇ ਅਉਂਦੇ ਦਿਨਾਂ ਵਿੱਚ ਪ੍ਰੈੱਸ ਕਲੱਬ ਵੱਲੋਂ ਮੁਫਤ ਆਪਰੇਸ਼ਨ ਵੀ ਕਰਵਾਏ ਜਾਣਗੇ।
ਹਰ ਵਾਰ ਦੀ ਤਰ੍ਹਾਂ ਇਸ ਕੈਂਪ ਵਿੱਚ ਵੀ ਸੇਵਾ ਭਾਵਨਾ ਨਾਲ ਆਪਣੀਆਂ ਸੇਵਾਵਾਂ ਦੇਣ ਪਹੁੰਚੇ ਅੱਖਾਂ ਦੇ ਮਸ਼ਹੂਰ ਡਾਕਟਰ ਹਰਜੀਤ ਸਿੰਘ ਨੇ ਆਪਣੇ ਸਹਿਯੋਗੀ ਲਵਪ੍ਰੀਤ ਸਿੰਘ ਨਾਲ਼ ਮਰੀਜ਼ਾਂ ਨੂੰ ਬੜੇ ਪਿਆਰ ਨਾਲ ਚੈੱਕ ਕੀਤਾ ਅਤੇ ਅੱਖਾਂ ਦੀ ਸੰਭਾਲ ਲਈ ਵਿਸ਼ੇਸ਼ ਨੁਕਤੇ ਵੀ ਦੱਸੇ। ਕੈਂਪ ਦੀ ਸਮਾਪਤੀ ਤੇ ਪੱਤਰਕਾਰ ਵਾਰਤਾ ਕਰਦਿਆਂ ਡਾਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿੱਚ ਜਿਸ ਤਰ੍ਹਾਂ 140 ਮਰੀਜ਼ਾਂ ਦੀ ਜਾਂਚ ਮਗਰ 26 ਮਰੀਜ਼ ਆਪਰੇਸ਼ਨ ਲਈ ਚੁਣੇ ਗਏ ਹਨ ਇਸ ਤੋਂ ਜਾਪਦਾ ਹੈ ਕਿ ਇਹ ਪਿੰਡ ਸਿਹਤ ਸਹੂਲਤਾਂ ਤੋਂ ਕਾਫੀ ਸੱਖਣਾ ਹੈ ਜਿਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੇ ਸਰਪ੍ਰਸਤ ਸ੍ਰ ਜਸਕਰਨ ਸਿੰਘ ਸਿਵੀਆਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ, ਸੀਨੀਅਰ ਪੱਤਰਕਾਰ ਸੱਤਪਾਲ ਮਾਨ, ਪੱਤਰਕਾਰ ਚਰਨਜੀਤ ਮਛਾਣਾ, ਪੰਚਾਇਤ ਮੈਂਬਰ ਸਹਿਬਾਨ ਹੌਲਦਾਰ ਸਿੰਘ, ਪਰਮਜੀਤ ਕੌਰ, ਜਸਵਿੰਦਰ ਸਿੰਘ (ਤਿੰਨੋਂ ਪੰਚ) , ਮੰਦਰ ਕਮੇਟੀ ਦੇ ਮੈਨੇਜਰ ਕ੍ਰਿਸ਼ਨ ਕੁਮਾਰ ਅਤੇ ਤਰਸੇਮ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪਿੰਡ ਜੱਸੀ ਬਾਗ ਵਾਲੀ ਦੀ ਸਰਪੰਚ ਸੁਖਜੀਤ ਕੌਰ ਦੇ ਪਤੀ ਅਤੇ ਭਾਈ ਘਨਈਆ ਕਲੱਬ ਦੇ ਪ੍ਰਧਾਨ ਮਲਕੀਤ ਸਿੰਘ ਭਾਵੇਂ ਆਪਣੇ ਰੁਝੇਵਿਆਂ ਕਾਰਨ ਇਸ ਕੈਂਪ ਵਿੱਚ ਕਾਫੀ ਲੇਟ ਪਹੁੰਚੇ ਪਰ ਇਸ ਕੈਂਪ ਵਿੱਚ ਉਹਨਾਂ ਨੇ ਵੀ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ।