ਕੋਟਕਪੂਰਾ, 1 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਵਿਰਾਸਤੀ ਕਲਾ ਕਿਰਤਾਂ ਤੇ ਭਵਨ ਕਲਾ ਨੂੰ ਸੰਭਾਲਣ ਤੇ ਉਸ ਪ੍ਰਤੀ ਆਮ ਲੋਕਾਂ ਨੂੰ ਸੰਵੇਦਨਸ਼ੀਲ ਕਰਨ ਦੇ ਮਨੋਰਥ ਨੂੰ ਸਮਰਪਤ ਰਾਸ਼ਟਰ ਪੱਧਰੀ ਸੰਸਥਾ ਇੰਡੀਅਨ ਨੈਸ਼ਨਲ ਟਰਸਟ ਫਾਰ ਆਰਟ ਤੇ ਸਭਿਆਚਾਰਕ ਵਿਰਾਸਤ (ਇੰਟੈਕ) ਵੱਲੋਂ ਦੇਸ਼ ਭਰ ਵਿੱਚ ਸਕੂਲੀ ਵਿਦਿਆਰਥੀਆਂ ਦੇ ਪੇਂਟਿੰਗ ਤੇ ਉਸ ਨਾਲ ਸਬੰਧਤ ਨਿਬੰਧ ਲਿਖਣ ਦੇ ਮੁਕਾਬਲੇ ਦੀ ਕੜੀ ਵਿੱਚ ਇੱਕ ਮੁਕਾਬਲਾ ਸਥਾਨਕ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੇ ਵੱਖ-ਵੱਖ ਸ਼ਰੇਣੀਆਂ ਦੇ 20 ਵਿਦਿਆਰਥੀਆਂ ਨੇ ਹਿੱਸਾ ਲਿਆ। ਇੰਟੈਕ ਦੇ ਫ਼ਰੀਦਕੋਟ ਜਿਲ੍ਹਾ ਅਧਿਆਏ ਦੇ ਕਨਵੀਨਰ ਪ੍ਰੋ. ਬਲਤੇਜ ਸਿੰਘ ਬਰਾੜ, ਕੋ-ਕਨਵੀਨਰ ਇੰਜੀ. ਰਾਜ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਕਰਵਾਏ ਗਏ ਪੇਂਟਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਪੰਜਾਬੀ ਵਿਰਾਸਤੀ ਮੇਲੇ ’ਤੇ ਤਿੱਥ ਤਿਉਹਾਰਾਂ ਤੇ ਆਧਾਰਤ ਪੇਂਟਿੰਗਜ਼ ਤਿਆਰ ਕੀਤੀਆਂ ਗਈਆਂ ਤੇ ਨਾਲ ਹੀ ਪੇਂਟਿੰਗ ਨਾਲ ਸਬੰਧਤ ਨਿਬੰਧ ਵੀ ਲਿਖੇ ਗਏ। ਸਕੂਲ ਦੇ ਸਰਪ੍ਰਸਤ ਅਸ਼ੋਕ ਚਾਵਲਾ ਤੇ ਪ੍ਰਿੰਸੀਪਲ ਮਿਸਜ਼ ਮੀਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਇੰਟੈਕ ਵੱਲੋਂ ਸਾਲ ਵਿੱਚ ਦੋ ਵਾਰ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਰੀਜਨ ਪੱਧਰ ’ਤੇ ਇਨਾਮ ਵੀ ਪ੍ਰਾਪਤ ਕੀਤੇ ਹਨ। ਪਵਨ ਮਿੱਤਲ, ਚੇਅਰਮੈਨ ਨੇ ਇਸ ਮੌਕੇ ਮੁਕਾਬਲੇ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਹਰ ਪੱਧਰ ਦੀ ਮੁਕਾਬਲੇ ਦੀ ਪ੍ਰੀਖਿਆ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਇਸ ਮੌਕੇ ਤੇ ਜਿਲ੍ਹਾ ਕਨਵੀਨਰ ਪ੍ਰੋ. ਬਲਤੇਜ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਪੱਧਰ ’ਤੇ 15000 ਵਿਦਿਆਰਥੀ ਮੁਕਾਬਲੇ ਵਿੱਚ ਬੈਠਦੇ ਹਨ, ਜਿੰਨਾਂ ਵਿੱਚੋਂ ਇਲਾਕੇ ਅਨੁਸਾਰ 100 ਜੇਤੂ ਵਿਦਿਆਰਥੀਆਂ ਤੇ ਦਸ ਰਾਸ਼ਟਰੀ ਪੱਧਰੀ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ।